ਗਡਕਰੀ ਵਲੋਂ ਮਨੁੱਖੀ ਪਿਸ਼ਾਬ ਤੋਂ ਯੂਰੀਆ ਬਨਾਉਣ ਦਾ ਸੁਝਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਮਨੁੱਖੀ ਪਿਸ਼ਾਬ ਤੋਂ ਯੂਰੀਆ ਤਿਆਰ ਕਰਨ ਦਾ ਸੁਝਾਅ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ ਨਿਤਿਨ ਗਡਕਰੀ...

Nitin Gadkari

ਨਾਗਪੁਰ : ਦੇਸ਼ ਵਿਚ ਮਨੁੱਖੀ ਪਿਸ਼ਾਬ ਤੋਂ ਯੂਰੀਆ ਤਿਆਰ ਕਰਨ ਦਾ ਸੁਝਾਅ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨਾਲ ਖਾਦਾਂ ਦੀ ਕਮੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਨਾਗਪੁਰ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ''ਮੈਂ, ਹਵਾਈ ਅੱਡਿਆਂ 'ਤੇ ਪਿਸ਼ਾਬ ਇਕੱਠਾ ਕਰਨ ਦੇ ਹੁਕਮ ਦਿਤੇ ਹਨ। ਅਸੀ ਯੂਰੀਆ ਦਰਾਮਦ ਕਰਦੇ ਹਾਂ ਅਤੇ ਜੇ ਪੂਰੇ ਮੁਲਕ ਦਾ ਪਿਸ਼ਾਬ ਇਕੱਠਾ ਕਰਨਾ ਸ਼ੁਰੂ ਕਰ ਦਿਤਾ ਜਾਵੇ ਤਾਂ ਵਿਦੇਸ਼ਾਂ ਤੋਂ ਯੂਰੀਆ ਮੰਗਵਾਉਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।''

ਗਡਕਰੀ ਦਾ ਕਹਿਣਾ ਸੀ ਕਿ ਮਨੁੱਖੀ ਪਿਸ਼ਾਬ ਵਿਚ ਬੇਹੱਦ ਤਾਕਤ ਹੈ ਅਤੇ ਫ਼ਸਲਾਂ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਇਸ ਦੀ ਵਰਤੋਂ ਅਮੋਨੀਅਮ ਸਲਫ਼ੇਟ ਅਤੇ ਨਾਈਟ੍ਰੋਜਨ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ।  ਕੇਂਦਰੀ ਮੰਤਰੀ ਨੇ ਇਹ ਵੀ ਮੰਨਿਆ ਕਿ ਜ਼ਿਆਦਾਤਰ ਲੋਕ ਉਨ੍ਹਾਂ ਦੇ ਇਸ ਵਚਾਰ ਨਾਲ ਸਹਿਮਤ ਨਹੀਂ ਪਰ ਇਹ ਬਹੁਤ ਚੰਗਾ ਵਿਚਾਰ ਹੈ।

ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਗਡਕਰੀ ਨੇ ਕਿਹਾ ਸੀ ਕਿ ਉਹ ਅਪਣਾ ਪਿਸ਼ਾਬ ਇਕੱਠਾ ਕਰ ਕੇ ਅਪਣੀ ਰਿਹਾਇਸ਼ ਦੇ ਬਗੀਚੇ ਵਿਚ ਖਾਦ ਦੇ ਰੂਪ ਵਿਚ ਵਰਤਦੇ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਮਨੁੱਖੀ ਵਾਲਾਂ ਨੂੰ ਖਾਦ ਵਜੋਂ ਵਰਤ ਕੇ ਖੇਤੀ ਪੈਦਾਵਾਰ ਵਿਚ 25 ਫ਼ੀ ਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ।