ਕੁੱਤੇ ਦੀ ਜਾਨ ਬਚਾਉਣ ਲਈ ਬਰਫੀਲੇ ਪਾਣੀ 'ਚ ਕੁੱਦੀ ਔਰਤ! ਪੂਰੇ ਵਾਕਿਆਤ ਲਈ ਪੜ੍ਹੋ ਖ਼ਬਰ!
ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਰਹੀ ਹੈ ਵੀਡੀਓ
ਨਵੀਂ ਦਿੱਲੀ : ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਜਾਨਵਰ ਹੈ। ਅਜਿਹੇ ਅਨੇਕਾਂ ਕਿੱਸੇ ਮੌਜੂਦ ਹਨ ਜਦੋਂ ਇਸ ਨੇ ਅਪਣੇ ਮੁਸੀਬਤ ਵਿਚ ਫਸੇ ਮਾਲਕ ਦੀ ਜਾਨ ਬਚਾਈ ਹੋਵੇ। ਪਰ ਜਦੋਂ ਕਿਤੇ ਇਸ 'ਤੇ ਵੀ ਮੁਸੀਬਤ ਪੈਂਦੀ ਹੈ, ਕਈ ਰਹਿਮ-ਦਿਲ ਇਨਸਾਨ ਵੀ ਇਸ ਦੀ ਮਦਦ ਲਈ ਜਾਨ ਦੀ ਬਾਜ਼ੀ ਲਾਉਣ ਦਾ ਮਾਦਾ ਰੱਖਦੇ ਹਨ। ਇਕ ਅਜਿਹੀ ਹੀ ਦਿਲ ਨੂੰ ਛੂੰਹਣ ਵਾਲੀ ਵੀਡੀਓ ਅੱਜਕੱਲ੍ਹ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ ਇਕ ਕੁੱਤਾ ਠੰਡ ਨਾਲ ਜੰਮ ਚੁੱਕੇ ਤਲਾਬ ਵਿਚ ਬਰਫ਼ 'ਤੇ ਤੁਰਦਾ ਹੋਇਆ ਅੰਦਰ ਤਕ ਚਲਾ ਜਾਂਦਾ ਹੈ। ਅੱਗੇ ਜਾ ਕੇ ਬਰਫ਼ ਦੀ ਪਤਲੀ ਪਰਤ ਉਸ ਦਾ ਵਜ਼ਨ ਨਹੀਂ ਝੱਲ ਸਕਦੀ ਤੇ ਉਹ ਹੇਠਾਂ ਪਾਣੀ 'ਚ ਡਿੱਗ ਪੈਂਦਾ ਹੈ।
ਇਸੇ ਦੌਰਾਨ ਬਾਹਰ ਕੰਢੇ 'ਤੇ ਇਕ ਔਰਤ ਇਹ ਮੰਜ਼ਰ ਵੇਖ ਰਹੀ ਹੁੰਦੀ ਹੈ। ਉਹ ਔਰਤ ਬਿਨਾਂ ਵਕਤ ਗੁਆਏ ਅਪਣੀ ਜਾਨ ਜੋਖ਼ਮ 'ਚ ਪਾ ਕੇ ਪਾਣੀ ਵਿਚ ਕੁੱਦ ਜਾਂਦੀ ਹੈ ਅਤੇ ਤੇਜ਼ੀ ਨਾਲ ਕੁੱਤੇ ਵੱਲ ਵਧਦੀ ਹੈ। ਕੁੱਝ ਸਕਿੰਟਾਂ 'ਚ ਉਹ ਔਰਤ ਕੁੱਤੇ ਨੂੰ ਬਰਫ਼ੀਲੇ ਪਾਣੀ ਵਿਚੋਂ ਬਾਹਰ ਲੈ ਆਉਂਦੀ ਹੈ ਜਿੱਥੇ ਉਸ ਦੀ ਮਦਦ ਲਈ ਇਕ ਹੋਰ ਸਖ਼ਸ਼ ਮੌਜੂਦ ਹੈ।
ਇਹ ਵੀਡੀਓ ਇਕ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਸਾਂਤਾ ਨੰਦਾ ਨੇ ਕੈਪਸ਼ਨ ਸਮੇਤ ਸਾਂਝਾ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਹ ਲਿਖਦੇ ਹਨ, ''ਇਕ ਜਾਨਵਰ ਪ੍ਰਤੀ ਦਿਆਲਤਾ ਨਾਲ ਕੀਤੀ ਜਾਣ ਵਾਲੀ ਸਧਾਰਣ ਹਰਕਤ ਭਾਵੇਂ ਬਾਕੀ ਹੋਰ ਜੀਵਾਂ ਲਈ ਕੁਝ ਵੀ ਨਾ ਹੋਵੇ, ਪਰ ਇਕ ਲਈ ਬਹੁਤ ਕੁੱਛ ਹੋਵੇਗਾ...ਔਰਤ ਬਰਫ਼ ਨੂੰ ਮੱਖਣ ਵਾਂਗ ਕੱਟਦੀ ਜਾਂਦੀ ਹੈ ਅਤੇ ਇਕ ਕੁੱਤੇ ਨੂੰ ਬਚਾਉਂਦੀ ਹੈ।''