ਅਦਾਲਤ ਦਾ ਫ਼ੈਸਲਾ ਪੜ੍ਹੇ ਬਗ਼ੈਰ ਰਾਹੁਲ ਕਹਿ ਰਹੇ ਹਨ ਚੌਕੀਦਾਰ ਚੋਰ ਹੈ : ਨਿਰਮਲਾ ਸੀਤਾਰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਰਾਹੁਲ ਗਾਂਧੀ ਦੀ ਇਹ ਗੱਲ ਗ਼ਲਤ ਹੈ ਕਿ ਅਦਾਲਤ ਨੇ ਮੰਨ ਲਿਆ ਹੈ ਕਿ ਰਾਫ਼ੇਲ ਸੌਦੇ 'ਚ ਕਿਸੇ ਨੂੰ 30 ਹਜ਼ਾਰ ਕਰੋੜ ਦਾ ਲਾਭ ਪਹੁੰਚਾਇਆ

Nirmala Sitharaman

ਨਵੀਂ ਦਿੱਲੀ : ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਅਦਾਲਤ ਦਾ ਫ਼ੈਸਲਾ ਪੜ੍ਹੇ ਬਗੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਝੂਠੇ ਦੋਸ਼ ਲਗਾ ਰਹੇ ਹਨ। ਉਹ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਗੱਲ ਗ਼ਲਤ ਹੈ ਕਿ ਅਦਾਲਤ ਨੇ ਮੰਨ ਲਿਆ ਹੈ ਕਿ ਰਾਫ਼ੇਲ ਸੌਦੇ 'ਚ ਕਿਸੇ ਨੂੰ 30 ਹਜ਼ਾਰ ਕਰੋੜ ਦਾ ਲਾਭ ਪਹੁੰਚਾਇਆ ਗਿਆ ਹੈ।

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਿਰਫ਼ ਇਹੀ ਕਿਹਾ ਹੈ ਕਿ ਮੀਡੀਆ 'ਚ ਰੱਖਿਆ ਮੰਤਰਾਲਾ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਤੋਂ ਹਾਸਲ ਕੀਤੇ ਦਸਤਾਵੇਜ਼ਾਂ ਦੇ ਹਵਾਲੇ ਤੋਂ ਜਿਹੜੀਆਂ ਖ਼ਬਰਾਂ ਛਾਪੀਆਂ ਗਈਆਂ ਹਨ, ਉਨ੍ਹਾਂ ਦਸਤਾਵੇਜ਼ਾਂ ਨੂੰ ਸਬੂਤ ਵਜੋਂ ਲਿਆ ਜਾਵੇਗਾ ਜਾਂ ਨਹੀਂ।

ਨਿਰਮਲਾ ਸੀਤਾਰਮਣ ਨੇ ਰਾਹੁਲ ਗਾਂਧੀ 'ਤੇ ਦੋਸ਼ ਲਗਾਉਂਦਿਆਂ ਕਿਹਾ, "ਉਹ ਵਿਅਕਤੀ ਜਿਹੜਾ ਖ਼ੁਦ ਜਮਾਨਤ 'ਤੇ ਹੋਵੇ ਅਤੇ ਹਰੇਕ ਆਗੂ ਦਾ ਮਜ਼ਾਕ ਉਡਾਉਂਦਾ ਹੋਵੇ, ਉਹ ਅਜਿਹੀ ਚੀਜ਼ਾਂ ਬਾਰੇ ਦੋਸ਼ ਲਗਾ ਰਹੇ ਹਨ, ਜਿਸ ਨੂੰ ਕੋਰਟ ਨੇ ਕਦੇ ਕਿਹਾ ਹੀ ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਅੱਧਾ ਪੈਰਾਗ੍ਰਾਫ਼ ਵੀ ਨਹੀਂ ਪੜ੍ਹਿਆ ਹੋਵੇਗਾ। ਇਹ ਕਹਿ ਦੇਣ ਨਾਲ ਕਿ ਅਦਾਲਤ ਨੇ ਮੰਨ ਲਿਆ ਹੈ ਅਤੇ ਇਹ ਵੀ ਕਹਿਣਾ ਕਿ ਅਦਾਲਤ ਨੇ ਕਿਹਾ ਕਿ ਚੌਕੀਦਾਰ ਚੋਰ ਹੈ, ਅਦਾਲਤ ਦਾ ਅਪਮਾਨ ਹੈ।"