ਕੈਪਟਨ ਦੇ ਦਖਲ ਮਗਰੋਂ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰਨ ਵਾਲਾ SHO ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਸਾਂ ਦੀ ਬੇਅਦਬੀ ਦੀ ਘਟਨਾ ‘ਚ ਸਿੱਖ ਡਰਾਈਵਰ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਦੇ ਚਲਦੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Captain Amarinder Singh

ਮੁਜ਼ਫਰਨਗਰ: ਉੱਤਰ ਪ੍ਰਦੇਸ਼ ਦੇ ਸ਼ਾਮਲੀ-ਮੁਜ਼ਫਰਨਗਰ ਬਾਰਡਰ ‘ਤੇ ਸਿੱਖ ਡਰਾਇਵਰ ਦੀ ਦਾੜੀ ਅਤੇ ਕੇਸਾਂ ਦੀ ਬੇਅਦਬੀ ਦੀ ਘਟਨਾ ‘ਚ ਸਿੱਖ ਡਰਾਈਵਰ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਦੇ ਚਲਦੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਪੁਲਿਸ ਮੁਲਾਜ਼ਮ ਵੱਲੋਂ ਇੱਕ ਸਿੱਖ ਦੀ ਦਾੜੀ ਪੁੱਟਣ ਦਾ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਇਸਦਾ ਹਰ ਪਾਸਿਓਂ ਵਿਰੋਧ ਦੇਖਣ ਨੂੰ ਮਿਲਿਆ।

 


 

ਇਸ ਘਟਨਾ ’ਤੇ ਜਿੱਥੇ ਧਾਰਮਿਕ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਦੇ ਟਵੀਟਰ ਅਕਾਊਂਟ ਤੋਂ ਟਵੀਟ ਕਰਕੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਾਮਲੇ ਵੱਲ ਧਿਆਨ ਦੇਣ ਦੀ ਮੰਗ ਕਰਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਬਾਅਦ ਸੀ.ਐੱਮ. ਯੋਗੀ ਨੇ ਤਾਂ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਯੂਪੀ ਪੁਲਿਸ ਨੇ ਇਸ ਘਟਨਾ ’ਤੇ ਅਫਸੋਸ ਜਤਾਉਂਦੇ ਹੋਏ ਉਕਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰਨ ਅਤੇ ਮਾਮਲੇ ’ਚ ਬਣਦੀ ਤਫਤੀਸ਼ ਕਰਨ ਦਾ ਭਰੋਸਾ ਜਤਾਇਆ ਸੀ। ਟਵੀਟ ’ਚ ਉਹਨਾਂ ਇਹ ਵੀ ਕਿਹਾ ਕਿ ਯੂ.ਪੀ.ਪੁਲਿਸ ਕਿਸੇ ਭੇਦ ਭਾਵ ਤੋਂ ਬਿਨਾਂ ਸਭ ਧਰਮਾਂ ਦੇ ਜਜ਼ਬਾਤਾਂ ਦਾ ਆਦਰ ਕਰਦੀ ਹੈ ਅਤੇ ਅਜਿਹਾ ਵਤੀਰਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੱਸ ਦਈਏ ਕਿ ਇਹ ਘਟਨਾ ਉਤਰ ਪ੍ਰਦੇਸ਼ ਦੇ ਸ਼ਾਮਲੀ-ਮੁਜ਼ਫਰਨਗਰ ਬਾਰਡਰ ਦੀ ਦੱਸੀ ਜਾ ਰਹੀ ਹੈ, ਜਿੱਥੇ 3 ਪੁਲਿਸ ਕਰਮੀਆਂ 'ਤੇ ਸਿੱਖ ਡਰਾਈਵਰ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਲੱਗੇ ਸਨ, ਜਿਹਨਾਂ 'ਚੋਂ ਇੱਕ ਨੇ ਸਿੱਖ ਡਰਾਇਵਰ ਦੀ ਦਾੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਸਿੱਖਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਉੱਠ ਰਹੀ ਸੀ।