ਨਵੀਂ ਦਿੱਲੀ- ਦਿੱਲੀ ਦੇ ਨਿਹਾਲ ਵਿਹਾਰ ਵਿਚ ਘਰ ਜਵਾਈ ਨਾ ਬਣਨ ਉਤੇ ਨੌਜਵਾਨ ਨੇ ਆਪਣੇ ਜੀਜੇ ਨੂੰ ਪੈਟਰੋਲ ਛਿੜਕ ਕੇ ਜਿਉਂਦਾ ਸਾੜ ਦਿੱਤਾ। 10 ਦਿਨ ਤੱਕ 35 ਸਾਲਾ ਗੋਵਿੰਦ ਰਾਮ ਨੇ ਹਸਪਾਤਲ ਵਿਚ ਜ਼ਿੰਦਗੀ ਦੀ ਜੰਗ ਲੜਨ ਤੋਂ ਬਾਅਦ 2 ਅਪ੍ਰੈਲ ਨੂੰ ਦਮ ਤੋੜ ਦਿੱਤਾ। ਗੋਵਿੰਦ ਰਾਮ ਅਧਿਆਪਕ ਨਗਰ ਵਿਚ ਰਹਿੰਦਾ ਸੀ। ਗੋਵਿੰਦ ਦੇ ਪਿਤਾ ਮਹਾਵੀਰ ਨੇ ਦੱਸਿਆ ਕਿ ਅੱਠ ਸਾਲ ਪਹਿਲਾਂ ਬੇਟੇ ਦਾ ਵਿਆਹ ਪ੍ਰੇਮ ਨਗਰ ਨਿਵਾਸੀ ਰੇਣੂ ਨਾਲ ਹੋਇਆ ਸੀ।
ਦੋਵਾਂ ਦੇ ਛੇ ਅਤੇ ਤਿੰਨ ਸਾਲ ਦੇ ਦੋ ਬੇਟੇ ਹਨ। ਦੱਸਿਆ ਗਿਆ ਕਿ ਰੇਣੂ ਦੇ ਮਾਪੇ ਚਾਹੁੰਦੇ ਸਨ ਕਿ ਗੋਵਿੰਦ ਘਰ ਜਵਾਈ ਬਣਕੇ ਰਹੇ, ਪ੍ਰੰਤੂ ਉਹ ਇਸਦਾ ਵਿਰੋਧ ਕਰਦਾ ਸੀ। ਇਸ ਕਰਕੇ ਗੋਵਿੰਦ ਦਾ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਵੀ ਹੁੰਦਾ ਸੀ। ਮਹਾਵੀਰ ਨੇ ਦੱਸਿਆ ਕਿ ਬੀਤੇ ਸਾਲ ਦਸੰਬਰ ਵਿਚ ਰੇਣੂ ਝਗੜਾ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ। ਗੋਵਿੰਦ ਨੇ ਉਸਨੂੰ ਵਾਪਸ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪ੍ਰੰਤੂ ਰੇਣੂ ਦੇ ਦੋਨੋ ਭਰਾ ਹਮੇਸ਼ਾ ਰਸਤੇ ਵਿਚ ਰੋੜਾ ਬਣਦੇ ਸਨ।
ਇਸ ਸਾਲ 15 ਮਾਰਚ ਨੂੰ ਗੋਵਿੰਦ ਪ੍ਰੇਮ ਨਗਰ ਸਥਿਤ ਆਪਣੇ ਸਹੁਰੇ ਘਰ ਪਤਨੀ ਅਤੇ ਬੱਚਿਆਂ ਨੂੰ ਲਿਆਉਣ ਗਿਆ ਸੀ। ਇਸ ਦੌਰਾਨ ਸਹੁਰੇ ਪਰਿਵਾਰ ਨੇ ਉਸਦੀ ਕੁੱਟਮਾਰ ਕੀਤੀ। ਫਿਰ ਰਿਕਸ਼ੇ ਉਤੇ ਲੱਦਕੇ ਲੈ ਗਏ ਅਤੇ ਉਸ ਨੂੰ ਨਾਲੇ ਵਿਚ ਸੁੱਟ ਦਿੱਤਾ। ਕਿਸੇ ਤਰ੍ਹਾਂ ਉਹ ਨਾਲੇ ਵਿਚੋਂ ਨਿਕਲਕੇ ਘਰ ਪਹੁੰਚਿਆ। ਇਸ ਤੋਂ ਬਾਅਦ 19 ਮਾਰਚ ਨੂੰ ਗੋਵਿੰਦ ਛੋਟੇ ਹਾਥੀ ਉਤੇ ਸਾਮਾਨ ਦੀ ਢੁਲਾਈ ਕਰਨ ਲਈ ਜਾ ਰਿਹਾ ਸੀ। ਨਾਂਗਲੋਈ ਵਿਚ ਉਹ ਗੱਡੀ ਰੋਕੇ ਖਾਣਾ ਖਾ ਰਿਹਾ ਸੀ। ਉਥੇ ਵੀ ਰੇਣੂ ਦਾ ਭਰਾ ਭਰਤ ਪਹੁੰਚ ਗਿਆ ਅਤੇ ਉਸਦੀ ਜੰਮਕੇ ਕੁੱਟਮਾਰ ਕੀਤੀ, ਪਰ ਇਸਦੀ ਸ਼ਿਕਾਇਤ ਗੋਵਿੰਦ ਨੇ ਪੁਲਿਸ ਨੂੰ ਨਹੀਂ ਕੀਤੀ।
22 ਮਾਰਚ ਨੂੰ ਦੁਪਹਿਰ ਕਰੀਬ ਢਾਈ ਵਜੇ ਭਰਤ ਨੇ ਫੋਨ ਕਰਕੇ ਗੋਵਿੰਦ ਨੂੰ ਸਮਝੌਤੇ ਲਈ ਘਰ ਬੁਲਾਇਆ, ਦੱਸ ਦਈਏ ਕਿ ਗੱਲਾਂ–ਗੱਲਾਂ ਵਿਚ ਰੇਣੂ ਦਾ ਭਰਾ ਗੋਵਿੰਦ ਨੂੰ ਇਕ ਪਲਾਂਟ ਵਿਚ ਲੈ ਗਿਆ ਅਤੇ ਬੋਤਲ ਵਿਚ ਰੱਖਿਆ ਪੈਟਰੋਲ ਗੋਵਿੰਦ ਉਤੇ ਪਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਮੌਕੇ ਤੇ ਉੱਥੋਂ ਫਰਾਰ ਹੋ ਗਿਆ। ਅੱਗ ਦੀਆਂ ਲਪਟਾਂ ਵਿਚ ਘਿਰੇ ਗੋਵਿੰਦ ਨੂੰ ਬਚਾਉਣ ਲਈ ਕੋਈ ਨਹੀਂ ਆਇਆ।
ਉਸਨੇ ਜਾਨ ਬਚਾਉਣ ਲਈ ਕੁਝ ਦੂਰ ਜਾ ਕੇ ਇਕ ਨਾਲੇ ਵਿਚ ਛਾਲ ਮਾਰ ਦਿੱਤੀ। ਉਥੇ, ਗੋਵਿੰਦ ਦੇ ਪਿਤਾ ਮਹਾਵੀਰ ਅਤੇ ਉਨ੍ਹਾਂ ਦੀ ਪਤਨੀ ਸੋਮਵਤੀ ਨੂੰ ਗੁਆਂਢੀਆਂ ਨੇ ਇਕ ਲੜਕੇ ਦੇ ਸੜਨ ਦੀ ਖਬਰ ਦਿੱਤੀ। ਦੋਵੇਂ ਮੌਕੇ ਉਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਗੋਵਿੰਦ ਹੀ ਹੈ। ਦੋਵੇਂ ਉਸ ਨੂੰ ਸੰਜੇ ਗਾਂਧੀ ਹਸਪਤਾਲ ਲੈ ਗਏ, ਪ੍ਰੰਤੂ ਹਾਲਤ ਗੰਭੀਰ ਹੋਣ ਕਰਕੇ ਹਸਪਤਾਲ ਵਾਲਿਆ ਨੇ ਪਰਿਵਾਰ ਨੂੰ ਐਲਐਨਜੇਪੀ ਹਸਪਤਾਲ ਭੇਜ ਦਿੱਤਾ ਗਿਆ, ਉਥੇ ਹੀ 2 ਅਪ੍ਰੈਲ ਨੂੰ ਗੋਵਿੰਦ ਦੀ ਮੌਤ ਹੋ ਗਈ।