ਕਾਂਗਰਸ ਚੋਣ ਕਮੇਟੀ ਦੀ ਬੈਠਕ ਨਵੀਂ ਦਿੱਲੀ 'ਚ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ, ਪ੍ਰਦੇਸ਼ ਪ੍ਰਧਾਨ ਤੇ ਰਾਹੁਲ ਫ਼ੈਸਲਾ ਲੈਣਗੇ ; ਬਠਿੰਡਾ, ਫ਼ਿਰੋਜ਼ਪੁਰ, ਅਨੰਦਪੁਰ ਸਾਹਿਬ ਤੇ ਸੰਗਰੂਰ ਲਈ ਉਮੀਦਵਾਰ ਤੈਅ ਕਰਨੇ ਬਾਕੀ

Congress Committee meeting

ਚੰਡੀਗੜ੍ਹ : ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਕੁਲ 13 ਸੀਟਾਂ ਵਿਚੋਂ 9 ਉਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ ਜਦੋਂ ਕਿ ਬਾਕੀ ਬਚਦੀਆਂ ਚਾਰ ਸੀਟਾਂ ਬਠਿੰਡਾ, ਫ਼ਿਰੋਜ਼ਪੁਰ, ਅਨੰਦਪੁਰ ਸਾਹਿਬ ਤੇ ਸੰਗਰੂਰ ਲਈ ਉਮੀਦਵਾਰ ਤੈਅ ਕਰਨ ਲਈ 11 ਅਪ੍ਰੈਲ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਬੈਠਕ ਬਾਅਦ ਦੁਪਹਿਰ ਰੱਖ ਲਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹਾਈ ਕਮਾਂਡ ਦੇ ਹੋਰ ਸਿਰਕੱਢ ਆਗੂਆਂ ਦੀ ਚੋਣ ਕਮੇਟੀ ਨਾਲ ਹੋਣ ਵਾਲੀ ਇਸ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਹਿੱਸਾ ਲਵੇਗੀ।

ਕਾਂਗਰਸੀ ਸੂਤਰਾਂ ਨੇ ਨਵੀਂ ਦਿੱਲੀ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਂਜ ਤਾਂ ਪਾਰਟੀ ਪੰਜਾਬ ਵਿਚ ਅਕਾਲੀ ਦਲ ਦੇ ਧੁਨੰਦਰ ਨੇਤਾਵਾਂ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਉਮੀਦਵਾਰੀ ਸੀਟਾਂ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਇਨ੍ਹਾਂ ਦੋਹਾਂ ਨੂੰ ਕਰਾਰੀ ਹਾਰ ਦੇਣ ਦਾ ਰੌਂਅ ਵਿਚ ਹੈ ਪਰ ਹੋਰ ਜ਼ਿਆਦਾ ਸਮਾਂ ਲਟਕਾਅ ਨਹੀਂ ਸਕਦੀ ਕਿਉਂਕਿ ਚੋਣ ਪ੍ਰਚਾਰ ਵਿਚ ਦੇਰੀ ਹੋ ਰਹੀ ਹੈ। ਸੂਤਰਾਂ ਨੇ ਦਸਿਆ ਕਿ ਰਾਹੁਲ ਗਾਂਧੀ 'ਤੇ ਪ੍ਰਭਾਵ ਪਾਇਆ ਜਾਵੇਗਾ ਕਿ ਡਾ. ਨਵਜੋਤ ਕੌਰ ਸਿੱਧੂ ਜਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਬਠਿੰਡਾ ਤੋਂ ਚੋਣ ਲੜਨ ਨੂੰ ਖ਼ੁਦ ਰਾਹੁਲ ਕਹਿਣ ਅਤੇ ਪਾਰਟੀ ਇਕਜੁਟ ਹੋ ਕੇ ਬਾਦਲ ਪਰਵਾਰ ਦੀ ਨੂੰਹ ਅਤੇ ਬਿਕਰਮ ਮਜੀਠੀਆ ਦੀ ਭੈਣ ਨੂੰ ਭਾਂਜ ਦੇਵੇ।

ਕਾਂਗਰਸ ਸੂਤਰ ਦਸਦੇ ਹਨ ਕਿ ਮਨਪ੍ਰੀਤ ਬਾਦਲ ਜਾਂ ਕੋਈ ਹੋਰ ਲੋਕਲ ਕਾਂਗਰਸ ਲੀਡਰ, ਦੋ ਵਾਰ ਦੀ ਐਮ.ਪੀ. ਅਤੇ ਕੇਂਦਰੀ ਮੰਤਰੀ ਨੂੰ ਹਾਰ ਦੇਣ ਦੇ ਯੋਗ ਨਹੀਂ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸੀਟ 'ਤੇ ਪਿਛਲੇ ਮਹੀਨੇ ਕਾਂਗਰਸ ਵਿਚ ਆਏ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਇਸ ਸੀਟ 'ਤੇ ਕਾਂਗਰਸੀ ਮੰਤਰੀ ਰਾਣਾ ਗੁਰਮੀਤ ਸੋਢੀ ਖ਼ੁਦ ਲਈ ਜਾਂ ਅਪਣੇ ਬੇਟੇ ਵਾਸਤੇ ਟਿਕਟ ਮੰਗ ਰਹੇ ਹਨ। ਤੀਜੀ ਬਚਦੀ ਲੋਕ ਸਭਾ ਸੀਟ ਲਈ ਅਕਾਲੀ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਮੁਕਾਬਲੇ 'ਤੇ ਮੁੱਖ ਮੰਤਰੀ ਦੇ ਨੇੜੇ ਸਮਝੇ ਜਾਂਦੇ ਮਨੀਸ਼ ਤਿਵਾੜੀ ਨੂੰ ਟਿਕਟ ਦਿਤੀ ਜਾ ਸਕਦੀ ਹੈ ਪਰ ਜਗਮੋਹਨ ਕੰਗ ਦੇ ਨੌਜਵਾਨ ਯੋਗ ਨੇਤਾ ਯਾਦਵਿੰਦਰ ਅਤੇ ਯੂਥ ਕਾਂਗਰਸ ਪ੍ਰਧਾਨ ਅਮਨਪ੍ਰੀਤ ਲਾਲੀ ਵੀ ਅਪਣੀ ਦਾਅਵੇਦਾਰੀ ਜਿਤਾ ਰਹੇ ਹਨ।

ਚੌਥੀ ਰਹਿੰਦੀ ਸੰਗਰੂਰ ਸੀਟ 'ਤੇ ਜ਼ਿਆਦਾ ਜ਼ੋਰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਲੱਗ ਰਿਹਾ ਹੈ। ਉਥੇ ਬੀਬੀ ਭੱਠਲ ਵੀ ਪੱਲੜਾ ਕਾਫ਼ੀ ਭਾਰੀ ਰੱਖ ਰਹੀ ਹੈ। ਸੰਗਰੂਰ ਸੀਟ 'ਤੇ 'ਆਪ' ਐਮ.ਪੀ. ਭਗਵੰਤ ਮਾਨ, ਅਕਾਲੀ ਨੇਤਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸੀ ਉਮੀਦਵਾਰ ਸੰਭਾਵੀ ਕੇਵਲ ਸਿੰਘ ਢਿੱਲੋਂ ਵਿਚਾਲੇ ਤਿਕੋਣਾ ਮੁਕਾਬਲਾ ਬਹੁਤ ਫ਼ਸਵਾਂ ਹੋਣ ਦੀ ਉਮੀਦ ਹੈ। ਆਪ ਦੀ ਸਾਖ ਕਾਫ਼ੀ ਬਿਖਰ ਚੁਕੀ ਹੈ ਪਰ ਭਗਵੰਤ ਖ਼ੁਦ ਸ਼ਬਦਾਂ ਦੇ ਜਾਲ ਬੁਣ ਸਕਦਾ ਹੈ, ਢੀਂਡਸਾ ਦਾ ਅਕਸ ਤੇ ਕਿਰਦਾਰ ਸਾਫ਼ ਸੁਥਰਾ ਹੈ, ਕਾਂਗਰਸੀ ਉਮੀਦਵਾਰ ਢਿੱਲੋਂ ਲੋਕ ਹਿਤੈਸ਼ੀ ਸਮਝਿਆ ਜਾ ਰਿਹਾ ਹੈ। ਕਾਂਗਰਸੀ ਸੂਤਰ ਦਸਦੇ ਹਨ ਕਿ ਕੁਲ 13 ਸੀਟਾਂ ਵਿਚੋਂ ਉਂਜ ਤਾਂ 100 ਫ਼ੀ ਸਦੀ ਕਾਮਯਾਬੀ ਦੀ ਆਸ ਲਾਈ ਬੈਠੇ ਹਨ ਪਰ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗਠਜੋੜ ਮੌਜੂਦਾ ਹਾਲਾਤ ਵਿਚ ਦਿਨੋਂ ਦਿਨ ਸੁਧਾਰ ਹੋਣ ਕਰ ਕੇ ਤਿੰਨ ਜਾਂ 4 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ।