ਦਿੱਲੀ ਨੇ ਬੰਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੰਗਲੁਰੂ ਦੀ ਟੀਮ ਨੂੰ ਲਗਾਤਾਰ 6ਵੇਂ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ

Delhi Capitals beat Royal Challengers by 4 wickets

ਬੰਗਲੁਰੂ : ਆਈ.ਪੀ.ਐਲ. ਦੇ 20ਵੇਂ ਮੁਕਾਬਲੇ 'ਚ ਦਿੱਲੀ ਕੈਪੀਟਲਜ਼ ਨੇ ਰਾਇਲ ਚੈਲੰਜਰਜ਼ ਬੰਗਲੁਰੂ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਟੂਰਨਾਮੈਂਟ 'ਚ ਇਹ ਉਸ ਦੀ ਤੀਜੀ ਜਿੱਤ ਹੈ। ਉੱਥੇ ਹੀ ਬੰਗਲੁਰੂ ਟੀਮ ਨੂੰ ਲਗਾਤਾਰ 6ਵੇਂ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਆਈਪੀਐਲ 'ਚ ਪਹਿਲੀ ਵਾਰ ਸ਼ੁਰੂਆਤੀ 6 ਮੈਰ ਹਾਰੇ ਹਨ। ਇਸ ਮਾਮਲੇ 'ਚ ਉਸ ਨੇ ਦਿੱਲੀ ਕੈਪੀਟਲਜ਼ ਦੀ ਬਰਾਬਰੀ ਕਰ ਲਈ ਹੈ। ਦਿੱਲੀ ਦੀ ਟੀਮ 2013 'ਚ ਸ਼ੁਰੂਆਤੀ 6 ਮੈਚ ਹਾਰੀ ਸੀ। 

ਬੈਂਗਲੁਰੂ ਵਿਚਾਲੇ ਐਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਬੰਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਦਿੱਲੀ ਨੂੰ 150 ਦੌਡ਼ਾਂ ਦੀ ਟੀਚਾ ਦਿੱਤਾ, ਜਿਸ ਨੂੰ ਦਿੱਲੀ ਨੇ 6 ਵਿਕਟਾਂ ਦੇ ਨੁਕਸਾਨ 'ਤੇ 7 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।

ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਲਗਾਤਾਰ ਖ਼ਰਾਬ ਫ਼ਾਰਮ 'ਚ ਚਲ ਰਹੇ ਭਾਰਤੀ ਟੀਮ ਅਤੇ ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਇਸ ਮੈਚ ਵਿਚ ਵੀ ਫੇਲ ਹੋ ਗਏ। ਸ਼ਿਖਰ ਧਵਨ ਪਹਿਲੀ ਗੇਂਦ ਟਿਮ ਸਾਊਥੀ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਸ਼ਰੇਅਸ ਅਈਅਰ ਅਤੇ ਪ੍ਰਿਥਵੀ ਸ਼ਾਹ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 69 ਤੱਕ ਲੈ ਗਏ। ਸ਼ਾਹ ਵੀ ਆਪਣੀ ਪਾਰੀ 28 ਦੌੜਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਪਵਨ ਨੇਗੀ ਦੀ ਗੇਂਦ 'ਤੇ ਅਕਸ਼ਦੀਪ ਨਾਥ ਦਾ ਸ਼ਿਕਾਰ ਹੋ ਗਏ।

ਤੀਜਾ ਝਟਕਾ ਦਿੱਲੀ ਨੂੰ ਕੋਲਿਨ ਇਨਗ੍ਰਾਮ (22) ਦੇ ਰੂਪ 'ਚ ਲੱਗਾ। ਇਸ ਦੌਰਾਨ ਕਪਤਾਨ ਸ਼੍ਰੇਅਸ ਅਈਅਰ ਨੇ ਕਪਤਾਨੀ ਪਾਰੀ ਖੇਡਦਿਆਂ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਸ਼੍ਰੇਅਸ ਅਈਅਰ 67 ਦੌਡ਼ਾਂ ਬਣਾ ਕੇ ਨਵਦੀਪ ਸੈਣੀ ਦੀ ਗੇਂਦ 'ਤੇ ਚਾਹਲ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਕ੍ਰਿਸ ਮੌਰਿਸ ਬਿਨਾ ਖਾਤਾ ਖੋਲ੍ਹੇ ਇਸੇ ਓਵਰ ਵਿਚ ਸੈਣੀ ਦਾ ਸ਼ਿਕਾਰ ਹੋ ਗਏ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੁਰੂ ਦੀ ਸਲਾਮੀ ਜੋਡ਼ੀ ਟੀਮ ਨੂੰ ਚੰਗੀ ਸ਼ੁਰੂਆਤ ਨਾ ਦਿਵਾ ਸਕੀ। ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ 9 ਦੌਡ਼ਾਂ ਬਣਾ ਕੇ ਕ੍ਰਿਸ ਮੌਰਿਸ ਦੀ ਗੇਂਦ 'ਤੇ ਸੰਦੀਪ ਲਾਮਿਛਾਨੇ ਨੂੰ ਕੈਚ ਦੇ ਬੈਠੇ। ਦਿੱਲੀ ਨੂੰ ਦੂਜੀ ਸਫ਼ਲਤਾ ਰਬਾਡਾ ਨੇ ਡਿਵਿਲੀਅਰਜ਼ ਨੂੰ 17 ਦੌਡ਼ਾਂ 'ਤੇ ਆਊਟ ਕਰ ਕੇ ਦਿਵਾਈ। ਇਸ ਤੋਂ ਬਾਅਦ ਮਾਰਕਸ ਸਟੋਨਿਸ 15 ਅਤੇ ਮੋਈਨ ਅਲੀ 32 ਦੌਡ਼ਾਂ ਬਣਾ ਕੇ ਆਊਟ ਹੋਏ।

ਇਸ ਦੌਰਾਨ ਕਪਤਾਨ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਪਰ ਉਹ ਵੀ ਆਪਣੀ ਪਾਰੀ 41 ਦੌਡ਼ਾਂ ਤੋਂ ਅੱਗੇ ਨਾ ਲਿਜਾ ਸਕੇ ਅਤੇ ਰਬਾਡਾ ਦੀ ਗੇਂਦ ਦੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਅਈਅਰ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵੀ ਰਬਾਡਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖੀ। ਉਸ ਨੇ ਆਪਣੀ ਇਸ ਦਮਦਾਰ ਗੇਂਦਬਾਜ਼ੀ ਨਾਲ ਅਕਸ਼ਦੀਪ (19) ਅਤੇ ਪਵਨ ਨੇਗੀ ਨੂੰ ਜੀਰੋ ਦੇ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ। ਦਿੱਲੀ ਨੂੰ 8ਵੀਂ ਸਫਲਤਾ ਕ੍ਰਿਸ ਮੌਰਿਸ ਨੇ ਮੁਹੰਮਦ ਸਿਰਾਜ ਨੂੰ 1 ਦੌਡ਼ 'ਤੇ ਆਊਟ ਕਰ ਕੇ ਦਿਵਾਈ।