ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਹੋਇਆ ਪਛਤਾਵਾ, ਜਾਣੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੇਸ਼ ਨੇ ਜੇਲ੍ਹ ਤੋਂ ਬਾਹਰ ਆ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕਿਵੇਂ ਹੋ ਗਿਆ

Suresh said, I regret my mistake

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ 4 ਮਈ ਨੂੰ ਰੋਡ ਸ਼ੋਅ ਦੌਰਾਨ ਥੱਪੜ ਮਾਰਨ ਵਾਲਾ ਵਿਅਕਤੀ ਸੁਰੇਸ਼ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਸੁਰੇਸ਼ ਨੇ ਜੇਲ੍ਹ ਵਿਚੋਂ ਆਉਂਦਿਆਂ ਹੀ ਕਿਹਾ ਕਿ ਉਸ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੈ ਕਿ ਉਸ ਨੇ ਮੁੱਖ ਮੰਤਰੀ ਨੂੰ ਥੱਪੜ ਮਾਰਿਆ। ਸੁਰੇਸ਼ ਨੇ ਕਿਹਾ ਕਿ ਮੈਨੂੰ ਖ਼ੁਦ ਨਹੀਂ ਪਤਾ ਕਿ ਇਹ ਅਚਾਨਕ ਕਿਉਂ ਅਤੇ ਕਿਵੇਂ ਹੋ ਗਿਆ।

ਮੇਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕੋਈ ਗੁੱਸਾ ਹੈ। ਬਸ ਸਮਝ ਨਹੀਂ ਆਇਆ ਕਿ ਮੇਰੇ ਕੋਲੋਂ ਇਹ ਕਿਵੇਂ ਹੋ ਗਿਆ। ਬਸ ਦਿਮਾਗ ਵਿਚ ਕੁਝ ਹੋਇਆ ਅਤੇ ਥੱਪੜ ਮਾਰ ਦਿਤਾ। ਸੁਰੇਸ਼ ਨੇ ਹੱਸਦੇ ਹੋਏ ਕਿਹਾ, “ਮੈਨੂੰ ਮੁੱਖ ਮੰਤਰੀ ਕੇਜਰੀਵਾਲ ਨੂੰ ਥੱਪੜ ਮਾਰਨ ਦਾ ਬਹੁਤ ਪਛਤਾਵਾ ਹੈ।“ ਦੱਸ ਦਈਏ ਕਿ ਬੀਤੀ 4 ਮਈ ਨੂੰ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੋਤੀ ਨਗਰ ਵਿਧਾਨ ਸਭਾ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਜੇਸ਼ ਗੋਇਲ ਦੇ ਹੱਕ ਵਿਚ ਰੋਡ ਸ਼ੋਅ ਕਰ ਰਹੇ ਸਨ।

ਰੋਡ ਸ਼ੋਅ ਦੌਰਾਨ ਹੀ ਸੁਰੇਸ਼ ਨੇ ਅਰਵਿੰਦ ਕੇਜਰੀਵਾਲ ਦੀ ਜੀਪ ’ਤੇ ਚੜ੍ਹ ਕੇ ਕੇਜਰੀਵਾਲ ਨੂੰ ਥੱਪੜ ਮਾਰ ਦਿਤਾ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ‘ਆਪ’ ਸਮਰਥਕਾਂ ਨੇ ਸੁਰੇਸ਼ ਨੂੰ ਫੜ ਕੇ ਉਸ ਦਾ ਕੁਟਾਪਾ ਚਾੜ੍ਹਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ। ਇਸ ਘਟਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਕਈ ਹੋਰ ‘ਆਪ’ ਨੇਤਾਵਾਂ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਗੰਭੀਰ ਦੋਸ਼ ਲਾਏ ਸਨ। ਕੇਜਰੀਵਾਲ ਨੇ ਕਿਹਾ ਸੀ ਕਿ ਇਹ ਪੰਜ ਸਾਲਾਂ ’ਚ ਮੇਰੇ ’ਤੇ ਨੌਵਾਂ ਹਮਲਾ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਵਾਂ ਹਮਲਾ ਸੀ।

ਉਨ੍ਹਾਂ ਕਿਹਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਇਤਿਹਾਸ ਵਿਚ ਕਿਸੇ ਮੁੱਖ ਮੰਤਰੀ ’ਤੇ ਇੰਨੇ ਹਮਲੇ ਹੋਏ ਹੋਣਗੇ। ਹਾਲਾਂਕਿ ਦਿੱਲੀ ਦਾ ਸੀਐਮ ਹੀ ਦੇਸ਼ ਦਾ ਇਕਲੌਤਾ ਸੀਐਮ ਹੈ ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਰੋਧੀ ਪਾਰਟੀ ਯਾਨੀ ਭਾਜਪਾ ਦੀ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ’ਤੇ ਹੋਏ ਇਸ ਹਮਲੇ ਦੇ ਪਿੱਛੇ ਭਾਜਪਾ ਦਾ ਹੱਥ ਹੈ। ਭਾਜਪਾ ਇਹ ਦੱਸਣਾ ਚਾਹੁੰਦੀ ਹੈ ਕਿ ਮੋਦੀ ਵਿਰੁਧ ਜੋ ਵੀ ਬੋਲੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰ ਇਹ ਤਾਨਾਸ਼ਾਹੀ ਦੀ ਨਿਸ਼ਾਨੀ ਹੈ।