ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਇਕ ਹੋਰ ਹਾਦਸਾ, ਟਰੱਕ ਪਲਟਣ ਨਾਲ ਗਈ 5 ਮਜ਼ਦੂਰਾਂ ਦੀ ਜਾਨ
ਕੋਰੋਨਾ ਵਾਇਰਸ ਮਹਾਮਾਰੀ ਅਤੇ ਲੌਕਡਾਊਨ ਦੀ ਮਾਰ ਸਭ ਤੋਂ ਜ਼ਿਆਦਾ ਮਜ਼ਦੂਰਾਂ 'ਤੇ ਪਈ ਹੈ।
ਭੋਪਾਲ: ਕੋਰੋਨਾ ਵਾਇਰਸ ਮਹਾਮਾਰੀ ਅਤੇ ਲੌਕਡਾਊਨ ਦੀ ਮਾਰ ਸਭ ਤੋਂ ਜ਼ਿਆਦਾ ਮਜ਼ਦੂਰਾਂ 'ਤੇ ਪਈ ਹੈ। ਲੌਕਡਾਊਨ ਦੌਰਾਨ ਮਜ਼ਦੂਰਾਂ ਦੀ ਘਰ ਵਾਪਸੀ ਅਤੇ ਰਾਸਤੇ ਵਿਚ ਉਹਨਾਂ ਨਾਲ ਵਾਪਰ ਰਹੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਦੋ ਦਿਨ ਬਾਅਦ ਹੀ ਮਜ਼ਦੂਰਾਂ ਦੇ ਨਾਲ ਇਕ ਹੋਰ ਹਾਦਸਾ ਸਾਹਮਣੇ ਆਇਆ ਹੈ।
ਦਰਅਸਲ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਵਿਚ ਇਕ ਪਿੰਡ ਨੇੜੇ ਟਰੱਕ ਪਲਟਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਬਹੁਤ ਸਾਰੇ ਮਜ਼ਦੂਰ ਟਰੱਕ ਵਿਚ ਸਵਾਰ ਹੋ ਕੇ ਉੱਤਰ ਪ੍ਰਦੇਸ਼ ਜਾ ਰਹੇ ਸਨ, ਉਸੇ ਸਮੇਂ ਇਹ ਹਾਦਸਾ ਵਾਪਰਿਆ। ਇਹ ਘਟਨਾ ਸ਼ਨੀਵਾਰ-ਐਤਵਾਰ ਦੀ ਰਾਤ ਦੀ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਡਰਾਇਵਰ ਅਤੇ ਕੰਡਕਟਰ ਸਮੇਤ ਟਰੱਕ ਵਿਚ 18 ਲੋਕ ਸਵਾਰ ਸਨ। ਇਹ ਲੋਕ ਹੈਦਰਾਬਾਦ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ। ਪਾਠਾ ਪਿੰਡ ਪਹੁੰਚਦਿਆਂ ਹੀ ਟਰੱਕ ਪਲਟ ਗਿਆ। ਇਸ ਹਾਦਸੇ ਵਿਚ 5 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਹੋ ਗਏ।
ਨਰਸਿੰਘਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਸਕਸੈਨਾ ਨੇ ਦੱਸਿਆ, ਅੰਬ ਨਾਲ ਭਰੇ ਟਰੱਕ ਵਿਚ ਦੋ ਡਰਾਈਵਰਾਂ ਅਤੇ ਇਕ ਕੰਡਕਟਰ ਸਣੇ 18 ਲੋਕ ਸਵਾਰ ਸਨ। ਪਾਠਾ ਪਿੰਡ ਨੇੜੇ ਟਰੱਕ ਦੇ ਅਚਾਨਕ ਪਲਟਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਦੀਪਕ ਸਕਸੈਨਾ ਨੇ ਦੱਸਿਆ ਕਿ ਇਹ ਮਜ਼ਦੂਰ ਹੈਦਰਾਬਾਦ ਤੋਂ ਯੂਪੀ ਦੇ ਆਗਰਾ ਜਾ ਰਹੇ ਸਨ।
ਇਸ ਦੇ ਨਾਲ ਹੀ ਸਿਵਲ ਸਰਜਨ ਡਾਕਟਰ ਅਨੀਤਾ ਅਗਰਵਾਲ ਨੇ ਦੱਸਿਆ ਕਿ ਜ਼ਖਮੀਆਂ ਵਿਚ ਦੋ ਲੋਕਾਂ ਨੂੰ ਜਬਲਪੁਰ ਰੈਫਰ ਕੀਤਾ ਗਿਆ ਹੈ। ਉਹਨਾਂ ਵਿਚੋਂ ਇਕ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਦੂਜੇ ਨੂੰ ਫਰੈਕਚਰ ਹੈ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਹਾਲਤ ਗੰਭੀਰ ਹੈ।
ਜ਼ਖਮੀ ਮਜ਼ਦੂਰਾਂ ਵਿਚੋਂ ਇਕ ਨੂੰ ਕੁਝ ਦਿਨਾਂ ਤੋਂ ਜ਼ੁਕਾਮ-ਖੰਘ ਸੀ, ਜਿਸ ਕਾਰਨ ਮ੍ਰਿਤਕਾਂ ਸਮੇਤ ਹਰੇਕ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੀ ਸਵੇਰੇ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਰੇਲ ਦੀ ਪਟੜੀ 'ਤੇ ਸੌ ਰਹੇ 16 ਪਰਵਾਸੀ ਮਜ਼ਦੂਰਾਂ ਦੀ ਇਕ ਮਾਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਸੀ।