ਇਸ ਸੂਬੇ ਵਿਚ ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70% ਕੋਰੋਨਾ ਟੈਕਸ
ਰਾਜਧਾਨੀ ਦਿੱਲੀ ਵਿਚ ਅੱਜ ਤੋਂ ਸ਼ਰਾਬ ਸਸਤੀ ਹੋਵੇਗੀ। ਦਿੱਲੀ ਸਰਕਾਰ ਨੇ 70 ਪ੍ਰਤੀਸ਼ਤ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਅੱਜ ਤੋਂ ਸ਼ਰਾਬ ਸਸਤੀ ਹੋਵੇਗੀ। ਦਿੱਲੀ ਸਰਕਾਰ ਨੇ 70 ਪ੍ਰਤੀਸ਼ਤ ਕੋਰੋਨਾ ਸੈੱਸ ਵਾਪਸ ਲੈ ਲਿਆ ਹੈ। ਦਿੱਲੀ ਸਰਕਾਰ ਨੇ ਸ਼ਰਾਬ ‘ਤੇ ਵੈਟ ਵਿਚ 5 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਸ਼ਰਾਬ ਦੀ ਕੀਮਤ 'ਤੇ ਹੁਣ 25 ਪ੍ਰਤੀਸ਼ਤ ਵੈਟ ਹੋਵੇਗਾ। ਹੁਣ ਤੱਕ ਸ਼ਰਾਬ 'ਤੇ 20 ਪ੍ਰਤੀਸ਼ਤ ਵੈਟ ਲਾਗੂ ਸੀ।
ਸਰਕਾਰ ਨੇ ਇਸ ਨਾਲ ਸਬੰਧਤ ਇਕ ਆਦੇਸ਼ ਜਾਰੀ ਕੀਤਾ ਹੈ। ਦੱਸ ਦਈਏ ਕਿ ਦਿੱਲੀ ਵਿਚ ਵੱਧ ਰਹੇ ਕੋਰੋਨਾ ਸੰਕਰਮਣ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ 'ਤੇ ਭੀੜ ਦਾ ਇਕੱਠ ਵੇਖਿਆ ਗਿਆ।
ਇਸ ਨੂੰ ਰੋਕਣ ਲਈ ਸਰਕਾਰ ਨੇ ਸ਼ਰਾਬ ਦੀ ਕੀਮਤ ਵਿਚ 70 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਕੀਤਾ ਸੀ। ਦਰਅਸਲ, ਲੌਕਡਾਊਨ 3.0 ਦੌਰਾਨ ਦਿੱਲੀ ਵਿਚ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਸੀ। 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ 'ਤੇ ਕਾਫੀ ਭੀੜ ਸੀ। ਸਮਾਜਕ ਦੂਰੀ ਦੇ ਨਿਯਮਾਂ ਦੀ ਕਾਫੀ ਉਲੰਘਣਾ ਹੋਈ ਸੀ।
ਇਸ ਤੋਂ ਬਾਅਦ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 5 ਮਈ ਤੋਂ ਸ਼ਰਾਬ 'ਤੇ 70 ਫੀਸਦੀ ਕੋਰੋਨਾ ਸੈੱਸ ਲਗਾਉਣ ਦਾ ਫੈਸਲਾ ਕੀਤਾ ਸੀ। ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਹਾਈ ਕੋਰਟ ਨੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਨਾਲ ਸਬੰਧਤ ਇਕ ਪਟੀਸ਼ਨ 'ਤੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਇਸ ਮਾਮਲੇ ਵਿਚ ਖੁਦ ਫੈਸਲਾ ਲੈਣ। ਫਿਲਹਾਲ ਕੋਰਟ ਇਸ ਮਾਮਲੇ ਵਿਚ ਫੈਸਲਾ ਲੈਣ ਦੇ ਪੱਖ ਵਿਚ ਨਹੀਂ ਹੈ।