ਚੀਨ ਵਿਰੋਧੀ ਮਾਹੌਲ ਦਾ ਇਸ ਭਾਰਤੀ TV ਕੰਪਨੀ ਨੂੰ ਹੋਇਆ ਵੱਡਾ ਫਾਇਦਾ
ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਚੀਨ-ਵਿਰੋਧੀ ਮਾਹੌਲ ਬਣਿਆ ਹੋਇਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਚੀਨ-ਵਿਰੋਧੀ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਭਾਰਤ ਵਿਚ ਗਲੋਬਲ ਮਹਾਮਾਰੀ ਦੇ ਨਾਲ ਹੀ ਲੱਦਾਖ ਸੀਮਾ 'ਤੇ ਤਣਾਅ ਦੇ ਕਾਰਨ ਆਮ ਲੋਕ ਚੀਨ ਦੇ ਖਿਲਾਫ ਹੋ ਗਏ ਹਨ। ਭਾਰਤ ਵਿਚ ਲੋਕ ਚੀਨ ਦੇ ਸਮਾਨ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਸਾਫਟਵੇਅਰ ਅਤੇ ਐਪ ਤੱਕ ਦਾ ਬਾਈਕਾਟ ਕਰ ਰਹੇ ਹਨ।
ਚੀਨ ਖਿਲਾਫ ਬਣੇ ਇਸ ਮਾਹੌਲ ਦਾ ਭਾਰਤ ਦੀ ਕੰਪਨੀ VU Technologies ਨੂੰ ਵੱਡਾ ਫਾਇਦਾ ਮਿਲਿਆ ਹੈ। VU Technologies ਨੇ ਮਈ ਮਹੀਨੇ ਵਿਚ 50,000 ਟੀਵੀ ਸੈੱਟ ਵੇਚ ਕੇ ਰਿਕਾਰਡ ਬਣਾਇਆ ਹੈ। VU Technologies ਨੇ ਮਈ ਵਿਚ ਸਭ ਤੋਂ ਜ਼ਿਆਦਾ 4k ਡਿਸਪਲੇ ਕੁਆਲਿਟੀ ਵਾਲੇ ਟੀਵੀ ਸੈੱਟ ਵੇਚੇ ਹਨ।
ਕੰਪਨੀ ਦੀ ਚੇਅਰਪਰਸਨ ਅਤੇ ਸੀਈਓ ਦੇਵਿਤਾ ਸਰਾਫ ਨੇ ਕਿਹਾ ਕਿ ਲੌਕਡਾਊਨ ਦੌਰਾਨ ਜਿੱਥੇ ਦੂਜੀਆਂ ਕੰਪਨੀਆਂ ਮੰਗ ਘੱਟ ਹੋਣ ਦੇ ਸੰਕਟ ਨਾਲ ਜੂਝ ਰਹੀਆਂ ਹਨ। ਉੱਥੇ ਹੀ ਸਾਡੇ ਬ੍ਰਾਂਡ ਦਾ ਪ੍ਰਦਰਸ਼ਨ ਲੌਕਡਾਊਨ ਦੇ ਵਿਚ ਵੀ ਬਹੁਤ ਸ਼ਾਨਦਾਰ ਰਿਹਾ ਹੈ। ਰਿਕਾਰਡ ਵਿਕਰੀ ਦੇ ਨਾਲ ਮਈ ਵਿਚ ਸਾਡਾ ਬ੍ਰਾਂਡ ਸਭ ਤੋਂ ਜ਼ਿਆਦਾ ਟੀਵੀ ਸੈੱਟ ਵੇਚਣ ਦੇ ਮਾਮਲੇ ਵਿਚ ਸਭ ਤੋਂ ਉੱਪਰ ਆ ਗਿਆ ਹੈ।
ਅਸੀਂ ਸੈਮਸੰਗ, ਐਲਜੀ, ਸੋਨੀ ਅਤੇ ਚੀਨ ਦੇ ਬ੍ਰਾਂਡ ਐਮਆਈ ਤੋਂ ਬਹੁਤ ਅੱਗੇ ਹਾਂ। ਸਰਾਫ ਨੇ ਕਿਹਾ ਕਿ ਸਾਨੂੰ ਨਿਸ਼ਚਿਤ ਤੌਰ 'ਤੇ ਚੀਨ ਵਿਰੋਧੀ ਮਾਹੌਲ ਦਾ ਕਾਫੀ ਫਾਇਦਾ ਮਿਲਿਆ ਹੈ। ਇਸ ਦੇ ਨਾਲ ਹੀ ਅਸੀਂ ਗ੍ਰਾਹਕ ਸੇਵਾ 'ਤੇ ਵੀ ਕਾਫੀ ਧਿਆਨ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਜੇਕਰ ਅਸੀਂ ਗ੍ਰਾਹਕਾਂ ਦੀ ਸ਼ਿਕਾਇਤ 'ਤੇ ਟੀਵੀ ਠੀਕ ਨਹੀਂ ਕਰ ਪਾਏ ਤਾਂ ਅਸੀਂ ਉਸ ਦੀ ਥਾਂ ਉਹਨਾਂ ਨੂੰ ਦੂਜਾ ਨਵਾਂ ਟੀਵੀ ਪਹੁੰਚਾ ਦਿੱਤਾ ਹੈ।
ਦੱਸ ਦਈਏ ਕਿ ਭਾਰਤ-ਚੀਨ ਸਰਹੱਦ 'ਤੇ ਤਣਾਅ ਵਧਣ ਕਾਰਨ ਚੀਨੀ ਉਤਪਾਦਾਂ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਇਥੋਂ ਤਕ ਕਿ ਲੋਕਾਂ ਨੇ ਆਪਣੇ ਸਮਾਰਟਫੋਨ ਤੋਂ ਚੀਨ ਦੇ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। VU Technologies ਦੇ 4k ਸੈਟਸ ਸਾਈਜ਼ ਮੁਤਾਬਕ 25,000 ਰੁਪਏ ਤੋਂ ਸ਼ੁਰੂ ਹੋ ਕੇ 48,000 ਰੁਪਏ ਕੀਮਤ ਤੱਕ ਉਪਲਬਧ ਹਨ। ਸਰਾਫ ਨੇ ਦੱਸਿਆ ਕਿ ਈ-ਕਾਮਰਸ ਕੰਪਨੀ ਫਲਿਪਕਾਰਟ ਜਿੱਥੇ ਪਹਿਲਾਂ ਹਰ ਰੋਜ਼ VU ਦੇ 200 ਟੀਵੀ ਸੈੱਟ ਵੇਚਦੀ ਸੀ। ਉੱਥੇ ਹੀ ਇਸ ਦੌਰਾਨ ਉਸ ਨੇ ਇਸ ਦਿਨ ਵਿਚ 2000 ਟੀਵੀ ਸੈੱਟ ਵੇਚੇ ਹਨ ।