ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਗੁਆਢੀ ਮੁਲਕ ਨੇਪਾਲ ਦੀਆਂ ਚੀਨ ਨਾਲ ਵੱਧ ਰਹੀਆਂ ਨਜ਼ਦੀਕੀਆਂ ਨੇ ਭਾਰਤ ਦੀ ਚਿੰਤਾ ਵਧਾ ਦਿਤੀ ਹੈ। ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਦੇ ਸਵਾਲਾਂ ਦਾ ਸਾਹਮਣਾ ਕਰ ਰਿਹਾ ਚੀਨ ਇੰਨੀ ਦਿਨੀ ਭਾਰਤ ਨਾਲ ਸਰਹੱਦੀ ਵਿਵਾਦ ਪੈਦਾ ਕਰਨ 'ਚ ਮਸ਼ਰੂਫ਼ ਹੈ।
ਇਸੇ ਦਰਮਿਆਨ ਜਿੱਥੇ ਪੂਰੀ ਦੁਨੀਆਂ ਹਾਂਗਕਾਂਗ ਦੀ ਖੁਦਮੁਖਤਿਆਰੀ ਦੇ ਮੁੱਦੇ 'ਤੇ ਚੀਨ ਦੀਆਂ ਨੀਤੀਆਂ ਵਿਰੁਧ ਇਕਮੁਠ ਹੋ ਕੇ ਆਵਾਜ਼ ਉਠਾ ਰਹੀ ਹੈ, ਉਥੇ ਹੀ ਨੇਪਾਲ ਨੇ ਚੀਨ ਦੀ ਹਾਂ 'ਚ ਹਾਂ ਮਿਲਾਉਂਦਿਆਂ ਉਸ ਦੀ 'ਵਨ ਚਾਈਨਾ ਪਾਲਿਸੀ' ਦਾ ਸਮਰਥਨ ਕੀਤਾ ਹੈ। ਇਹ ਭਾਰਤ ਲਈ ਵੱਡਾ ਝਟਕਾ ਹੈ। ਨੇਪਾਲ ਨੇ ਭਾਰਤ ਨਾਲ ਲਿਪੁਲੇਖ ਨੂੰ ਲੈ ਕੇ ਚੱਲ ਰਹੇ ਸਰਹੱਦੀ ਵਿਵਾਦ ਵਿਚ ਵੀ ਚੀਨ ਨੂੰ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ।
ਹਾਲੀਆ ਸਾਰੇ ਘਟਨਾਕ੍ਰਮ ਦਰਮਿਆਨ ਚੀਨ ਤੇ ਨੇਪਾਲ ਨੇ ਆਰਥਿਕ ਸਾਂਝੇਦਾਰੀ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਵੀ ਇਕ ਵੱਡਾ ਕਦਮ ਚੁਕਿਆ ਹੈ। ਚੀਨ ਨੇ ਹੁਣ ਤਿੱਬਤ ਰੂਟ ਰਾਹੀਂ ਅਪਣਾ ਸਮਾਨ ਨੇਪਾਲ ਵਿਚ ਪਹੁੰਚਾਉਣਾ ਸ਼ੁਰੂ ਕਰ ਦਿਤਾ ਹੈ। ਪਿਛਲੇ ਹਫਤੇ ਚੀਨ ਨੇ ਸ਼ਿਆਨ ਸੂਬੇ ਤੋਂ ਮੈਡੀਕਲ ਸਪਲਾਈ ਤੇ ਨਿਰਮਾਣ ਕਾਰਜ ਦੀ ਸਮੱਗਰੀ ਲੈ ਕੇ ਪਹਿਲਾ ਕਾਰਗੋ ਤਿੱਬਤ ਦੇ ਸ਼ਿਗਾਤਗੋ ਪਹੁੰਚਿਆ ਸੀ।
ਇਸ ਤੋਂ ਇਲਾਵਾ ਨੇਪਾਲ ਨੂੰ ਨੇਪਾਲ-ਚੀਨ ਟ੍ਰਾਂਜ਼ਿਟ ਟਰਾਂਸਪੋਰਟ ਸਮਝੌਤੇ ਤਹਿਤ ਚੀਨ ਦੇ ਪੂਰਬੀ ਬੰਦਰਗਾਹਾਂ ਤਿਆਨਜਿਨ, ਸੇਂਝੇਂਨ, ਲਿਆਨਯੁੰਗੈਂਗ ਤੇ ਝਾਂਝਿਯਾਂਗ ਤੋਂ ਇਲਾਵਾ ਲਹਾਸਾ, ਲਾਝਾਂਓ ਤੇ ਸ਼ਿਗਾਤਸੇ ਤਕ ਸੜਕ ਰਸਤੇ ਦਾਖ਼ਲੇ ਦੀ ਆਗਿਆ ਦਿਤੀ ਗਈ ਹੈ। ਕੌਮਾਂਤਰੀ ਜਹਾਜ਼ਾਂ ਨੂੰ ਭਾਰਤੀ ਬੰਦਰਗਾਹਾਂ ਤੋਂ ਹੁੰਦੇ ਹੋਏ ਕਾਠਮੰਡੂ ਸਮਾਨ ਪਹੁੰਚਾਉਣ ਵਿਚ ਤਕਰੀਬਨ 35 ਦਿਨਾਂ ਦਾ ਸਮਾਂ ਲੱਗਦਾ ਹੈ।
ਦੂਜੇ ਪਾਸੇ ਨੇਪਾਲ ਦੇ ਕੁੱਝ ਮਾਹਰਾਂ ਦਾ ਦਾਅਵਾ ਹੈ ਕਿ ਨਵੇਂ ਕੋਰੀਡੋਰ ਦੇ ਬਣਨ ਨਾਲ ਨੇਪਾਲ ਤਕ ਮਾਲ ਦੀ ਢੁਆਈ ਵਿਚ ਬੇਹੱਦ ਘੱਟ ਸਮਾਂ ਲੱਗੇਗਾ। ਨੇਪਾਲ ਨਾਲ ਭਾਰਤ ਦੇ ਭਾਵੇਂ ਪ੍ਰਾਪਰੰਕ ਤੇ ਗੂੜ੍ਹੇ ਸਬੰਧ ਹਨ ਪਰ ਜਿਸ ਤਰ੍ਹਾਂ ਚੀਨ ਨੇਪਾਲ 'ਚ ਅਪਣਾ ਪ੍ਰਭਾਵ ਵਧਾਉਣ ਅਤੇ ਨੇਪਾਲ ਚੀਨ ਦੀ ਹਾਂ 'ਚ ਹਾਂ ਮਿਲਾਉਣ ਦੇ ਰਾਹ ਪਿਆ ਹੋਇਆ ਹੈ, ਇਸ ਦੇ ਮੱਦੇਨਜ਼ਰ ਭਾਰਤ ਨੂੰ ਆਉਂਦੇ ਸਮੇਂ 'ਚ ਹੋਰ ਸਾਵਧਾਨੀ ਵਰਤਣ ਦੀ ਲੋੜ ਪੈ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।