ਮੀਂਹ ਦਾ ਕਹਿਰ: ਹਿਮਾਚਲ 'ਚ ਬੱਦਲ ਫਟਣ ਕਾਰਨ ਤਬਾਹੀ, 34 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ ਅਤੇ ਪੱਛਮੀ ਭਾਰਤ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।

photo

 

ਸ਼ਿਮਲਾ: ਉੱਤਰੀ ਅਤੇ ਪੱਛਮੀ ਭਾਰਤ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਸਮੇਤ ਪਹਾੜੀ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਬੱਦਲ ਫਟਣ, ਮਕਾਨ ਡਿੱਗਣ, ਦਰੱਖਤ ਡਿੱਗਣ ਅਤੇ ਬਿਜਲੀ ਡਿੱਗਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ 11 ਮੌਤਾਂ ਹਿਮਾਚਲ ਵਿਚ ਹੋਈਆਂ ਹਨ। ਇਸ ਤੋਂ ਇਲਾਵਾ ਯੂਪੀ ਵਿਚ 8, ਉਤਰਾਖੰਡ ਵਿਚ 6, ਦਿੱਲੀ ਵਿਚ 3, ਜੰਮੂ-ਕਸ਼ਮੀਰ, ਹਰਿਆਣਾ ਅਤੇ ਪੰਜਾਬ ਵਿਚ ਦੋ-ਦੋ ਮੌਤਾਂ ਹੋਈਆਂ ਹਨ। ਹਿਮਾਚਲ ਦੇ ਮੰਡੀ 'ਚ ਬਿਆਸ ਦਰਿਆ 'ਚ 40 ਸਾਲ ਪੁਰਾਣਾ ਪੁਲ ਵਹਿ ਗਿਆ ਹੈ।
ਦਿੱਲੀ ਵਿਚ 41 ਸਾਲਾਂ ਬਾਅਦ ਜੁਲਾਈ ਵਿਚ ਇਕ ਦਿਨ ਵਿਚ 153 ਮਿਲੀਮੀਟਰ ਮੀਂਹ ਪਿਆ ਹੈ। ਉੱਤਰੀ ਰੇਲਵੇ ਨੇ ਮੀਂਹ ਕਾਰਨ 17 ਟਰੇਨਾਂ ਰੱਦ ਕਰ ਦਿਤੀਆਂ ਹਨ। 12 ਟਰੇਨਾਂ ਦੇ ਰੂਟ ਬਦਲਣੇ ਪਏ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਯਾਤਰੀ ਵੈਨ ਨੂੰ ਅੱਗ ਲੱਗਣ ਕਾਰਨ 7 ਦੀ ਮੌਤ

ਪਹਾੜੀ ਰਾਜਾਂ ਵਿਚ ਜ਼ਮੀਨ ਖਿਸਕਣ ਨਾਲ ਸੜਕਾਂ ਮਲਬੇ ਵਿਚ ਤਬਦੀਲ ਹੋ ਗਈਆਂ ਹਨ, ਜਦੋਂ ਕਿ ਰਾਜਧਾਨੀ ਦਿੱਲੀ ਸਮੇਤ ਮੈਦਾਨੀ ਰਾਜਾਂ ਵਿਚ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦਿੱਲੀ ਵਿਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ, ਹਿਮਾਚਲ ਦੇ ਮੁੱਖ ਮੰਤਰੀਆਂ ਅਤੇ ਦਿੱਲੀ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲਾਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਤਾ।

ਇਹ ਵੀ ਪੜ੍ਹੋ: ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਹਿਮਾਚਲ 'ਚ 24 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਤੋਂ ਹੀ ਭਾਰੀ ਤਬਾਹੀ ਹੋਈ ਹੈ। ਸ਼ਨੀਵਾਰ ਦੇਰ ਰਾਤ ਮੰਡੀ ਅਤੇ ਕੁੱਲੂ 'ਚ ਬੱਦਲ ਫਟਣ ਕਾਰਨ ਬਿਆਸ ਦਰਿਆ 'ਚ ਪਾਣੀ ਅਚਾਨਕ ਵਧ ਗਿਆ, ਜਿਸ 'ਚ ਤਿੰਨ ਪੁਲ, ਇਕ ਏਟੀਐੱਮ ਅਤੇ ਚਾਰ ਦੁਕਾਨਾਂ ਵਹਿ ਗਈਆਂ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਕਈ ਇਲਾਕਿਆਂ 'ਚ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਅੰਬਾਲਾ ਤੋਂ ਊਨਾ-ਅੰਬ-ਦੌਲਤਪੁਰ ਚੌਕ ਤੱਕ ਆਉਣ ਵਾਲੀਆਂ ਵੰਦੇ ਭਾਰਤ ਸਮੇਤ ਹੋਰ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ।