ਆਰੂਸ਼ੀ ਕਤਲ ਮਾਮਲਾ : ਤਲਵਾਰ ਜੋੜੇ ਨੂੰ ਬਰੀ ਕੀਤੇ ਜਾਣ ਵਿਰੁਧ ਸੁਪਰੀਮ ਕੋਰਟ ਪਹੁੰਚੀ ਸੀਬੀਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ ਵਿਚ ਤਲਵਾਰ ਪਤੀ-ਪਤਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸ ਦਈਏ ਕਿ ਇਲਾਹਾਬਾਦ ਹਾਈ ਕੋਰਟ ਆਰੂਸ਼ੀ ਦੇ ਮਾਤਾ - ਪਿਤਾ ਰਾਜੇਸ਼ ਅਤੇ...

Aarushi Murder Case

ਨਵੀਂ ਦਿੱਲੀ : ਆਰੂਸ਼ੀ-ਹੇਮਰਾਜ ਦੋਹਰੇ ਕਤਲ ਕਾਂਡ ਵਿਚ ਤਲਵਾਰ ਪਤੀ-ਪਤਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸ ਦਈਏ ਕਿ ਇਲਾਹਾਬਾਦ ਹਾਈ ਕੋਰਟ ਆਰੂਸ਼ੀ ਦੇ ਮਾਤਾ - ਪਿਤਾ ਰਾਜੇਸ਼ ਅਤੇ ਨੁਪੁਰ ਤਲਵਾਰ ਨੂੰ ਸਬੂਤਾਂ ਦੇ ਅਣਹੋਂਦ ਵਿਚ ਰਿਹਾ ਕਰ ਚੁੱਕਿਆ ਹੈ। ਇਸ ਰਿਹਾਈ ਵਿਰੁਧ ਸੀਬੀਆਈ ਨੇ ਅਪੀਲ ਕੀਤੀ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਹੈ।  ਇਲਾਹਾਬਾਦ ਹਾਈ ਕੋਰਟ ਨੇ ਅਪਣੇ ਫੈਸਲੇ ਵਿਚ ਸਬੂਤਾਂ ਨੂੰ ਲੈ ਕੇ ਸੀਬੀਆਈ ਨੂੰ ਸਖ਼ਤ ਫ਼ਟਕਾਰ ਲਗਾਈ ਸੀ।

ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਇਲਾਹਬਾਦ ਹਾਈ ਕੋਰਟ ਦੇ ਜੱਜ ਜਸਟਿਸ ਬੀਕੇ ਨਰਾਇਣ ਅਤੇ ਜਸਟਿਸ ਏਕੇ ਮਿਸ਼ਰਾ ਨੇ ਤਲਵਾਰ ਜੋੜੇ ਨੂੰ ਸ਼ੱਕ ਦਾ ਫ਼ਾਇਦਾ ਦਿੰਦੇ ਹੋਏ ਉਨ੍ਹਾਂ ਦੀ 14 ਸਾਲ ਦੀ ਧੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਵਿਚ ਬਰੀ ਕਰ ਦਿਤਾ ਸੀ। ਦੋਹਾਂ ਦੇ ਕਤਲ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ ਵਿਚ 16 ਮਈ 2008 ਨੂੰ ਕੀਤੀ ਗਈ ਸੀ। ਇਲਾਹਾਬਾਦ ਹਾਈ ਕੋਰਟ ਨੇ ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਦਾ 26 ਨਵੰਬਰ 2013 ਨੂੰ ਤਲਵਾਰ ਪਤੀ-ਪਤਨੀ ਨੂੰ ਉਮਰਕੈਦ ਦਾ ਫੈਸਲਾ ਸੁਨਾਉਣ ਦੇ ਫੈਸਲੇ ਨੂੰ ਪਲਟ ਦਿਤਾ ਸੀ ਅਤੇ ਤਲਵਾਰ ਪਤੀ-ਪਤਨੀ ਨੂੰ ਰਿਹਾ ਕਰਨ ਦੇ ਹੁਕਮ ਦਿਤੇ ਸਨ।  

ਆਰੂਸ਼ੀ ਦੀ ਉਸ ਦੇ ਬੈਡਰੂਮ ਵਿਚ ਹੱਤਿਆ ਕਰ ਦਿਤੀ ਗਈ ਸੀ। ਪਹਿਲਾਂ ਇਸ ਹੱਤਿਆ ਦਾ ਸ਼ੱਕ ਨੌਕਰ ਹੇਮਰਾਜ 'ਤੇ ਸੀ। ਬਾਅਦ ਵਿਚ, ਘਰ ਦੀ ਛੱਤ 'ਤੇ ਹੇਮਰਾਜ ਦੀ ਲਾਸ਼ ਵੀ ਪਾਈ ਗਈ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਜੇਸ਼ ਤਲਵਾਰ 'ਤੇ ਉਸ ਦੀ ਧੀ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਸੀ। ਰਾਜੇਸ਼ ਤਲਵਾਰ ਨੂੰ 23 ਮਈ 2008 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ, 31 ਮਈ 2008 ਨੂੰ ਸੀਬੀਆਈ ਨੇ ਇਸ ਮਾਮਲੇ ਨੂੰ ਅਪਣੇ ਹੱਥ ਵਿਚ ਲੈ ਲਿਆ ਅਤੇ ਸ਼ੁਰੂਆਤ ਵਿਚ ਆਰੂਸ਼ੀ ਦੇ ਮਾਤਾ - ਪਿਤਾ ਨੂੰ ਬਰੀ ਕਰ ਦਿਤਾ ਸੀ, ਫਿਰ ਬਾਅਦ ਵਿਚ ਦੋਹਾਂ ਨੂੰ ਕਤਲ ਲਈ ਇਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ। 

3 ਜੂਨ 2008 ਨੂੰ ਰਾਜੇਸ਼ ਤਲਵਾਰ ਦੇ ਕੰਪਾਉਂਡਰ ਕ੍ਰਿਸ਼ਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। 10 ਦਿਨ ਬਾਅਦ, ਤਲਵਾਰ ਦੇ ਦੋਸਤ  ਦੇ ਨੌਕਰ ਰਾਜਕੁਮਾਰ ਅਤੇ ਵਿਜੇ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਬੂਤ ਨਾ ਮਿਲਣ ਤੋਂ ਬਾਅਦ ਤਿੰਨਾਂ ਨੂੰ ਰਿਹਾ ਕਰ ਦਿਤਾ ਗਿਆ ਸੀ।