ਪਾਕਿਸਤਾਨ ਨੇ ਹੁਣ ਦਿੱਲੀ-ਲਾਹੌਰ ਬੱਸ ਸੇਵਾ ਵੀ ਰੋਕੀ
ਪਾਕਿ ਨੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਤੋਂ ਪਾਰ ਦੀਆਂ ਦੋ ਟਰੇਨਾਂ ਨੂੰ ਬੰਦ ਕਰਨ ਤੋਂ ਬਾਅਦ ਲਾਹੌਰ-ਦਿੱਲੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ।
ਨਵੀਂ ਦਿੱਲੀ: ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਕਾਰਨ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਤੋਂ ਪਾਰ ਦੀਆਂ ਦੋ ਟਰੇਨਾਂ ਨੂੰ ਬੰਦ ਕਰਨ ਤੋਂ ਬਾਅਦ ਲਾਹੌਰ-ਦਿੱਲੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ। ਇਹ ਬੱਸ ਸੇਵਾ ਫਰਵਰੀ 1999 ਵਿਚ ਸ਼ੁਰੂ ਹੋਈ ਸੀ ਪਰ 2001 ਵਿਚ ਸੰਸਦ ਹਮਲੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ ਜੁਲਾਈ 2003 ਨੂੰ ਇਸ ਬੱਸ ਸੇਵਾ ਨੂੰ ਬਹਾਲ ਕੀਤਾ ਗਿਆ।
ਪਾਕਿਸਤਾਨ ਦੇ ਸੰਚਾਰ ਅਤੇ ਡਾਕ ਸੇਵਾ ਮੰਤਰੀ ਮੁਰਾਦ ਸਈਦ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਬੁੱਧਵਾਰ ਨੂੰ ਹੋਈ ਬੈਠਕ ਵਿਚ ਲਏ ਗਏ ਫੈਸਲਿਆਂ ਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ। ਸਈਦ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ, ‘ਐਨਐਸਸੀ ਦੇ ਫ਼ੈਸਲਿਆਂ ਅਨੁਸਾਰ ਪਾਕਿਸਤਾਨ-ਭਾਰਤ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ’। ਲਾਹੌਰ-ਦਿੱਲੀ ਬੱਸ ਸੇਵਾ ਦਿੱਲੀ ਗੇਟ ਦੇ ਨੇੜੇ ਅੰਬੇਦਕਰ ਟਰਮੀਨਲ ਤੋਂ ਚੱਲਦੀ ਹੈ।
ਡੀਟੀਸੀ ਦੀਆਂ ਬੱਸਾਂ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅਤੇ ਪਾਕਿਸਤਾਨ ਟੂਰਿਜ਼ਮ ਵਿਕਾਸ ਅਥਾਰਟੀ (ਪੀਟੀਡੀਸੀ) ਦੀਆਂ ਬੱਸਾਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਤੋਂ ਲਾਹੌਰ ਰਵਾਨਾ ਹੁੰਦੀਆਂ ਹਨ। ਵਾਪਸੀ ਸਮੇਂ ਪੀਟੀਡੀਸੀ ਦੀਆਂ ਬੱਸਾਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਲਾਹੌਰ ਤੋਂ ਦਿੱਲੀ ਰਵਾਨਾ ਹੁੰਦੀਆਂ ਹਨ ਜਦਕਿ ਪੀਟੀਡੀਸੀ ਦੀਆਂ ਬੱਸਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ ਲਈ ਰਵਾਨਾ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਪਾਕਿਸਤਾਨ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸ਼ੁੱਕਰਵਾਰ ਨੂੰ ਐਲ਼ਾਨ ਕੀਤਾ ਸੀ ਕਿ ਉਹ ਰਾਜਸਥਾਨ ਸਰਹੱਦ ਜ਼ਰੀਏ ਆਉਣ ਵਾਲੀ ਥਾਰ ਐਕਸਪ੍ਰੈਸ ਨੂੰ ਬੰਦ ਕਰ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਦੁਵੱਲੇ ਸਬੰਧਾਂ ਦਾ ਦਰਜਾ ਘੱਟ ਕਰਨ ਦੇ ਫ਼ੈਸਲੇ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਵੀ ਬੰਦ ਕਰ ਦਿੱਤੀ ਸੀ। ਸਮਝੌਤਾ ਐਕਸਪ੍ਰੈਸ ਭਾਰਤੀ ਸਰਹੱਦ ਵੱਲੋਂ ਦਿੱਲੀ ਤੋਂ ਅਟਾਰੀ ਤੱਕ ਅਤੇ ਪਾਕਿਸਤਾਨ ਵੱਲੋਂ ਲਾਹੌਰ ਤੋਂ ਵਾਹਘਾ ਤੱਕ ਚੱਲਦੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।