ਪਤਨੀ ਤੇ ਬੱਚਿਆਂ ਸਾਹਮਣੇ ਪੁਲਿਸ ਨੇ ਘਸੀਟਿਆ ਸਿੱਖ ਨੌਜਵਾਨ
ਪਿਤਾ ਦੀ ਹਾਲਤ ਦੇਖ ਬੱਚੀ ਮਾਰਦੀ ਰਹੀ ਚੀਕਾਂ
ਸੀਤਾਪੁਰ- ਉਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਪੁਲਿਸ ਵੱਲੋਂ ਇਕ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਅਤੇ ਉਸ ਨੂੰ ਘਸੀਟ ਕੇ ਥਾਣੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਘਟਨਾ ਸੀਤਾਪੁਰ ਦੇ ਹਸਪਤਾਲ ਦੀ ਹੈ ਜਿੱਥੇ ਇਕ ਸਿੱਖ ਜੋੜਾ ਅਪਣੇ ਬੱਚੇ ਲਈ ਦਵਾਈ ਲੈਣ ਆਇਆ ਹੋਇਆ ਸੀ। ਜਿਸ ਨੂੰ ਵਾਰ-ਵਾਰ ਚੱਕਰ ਆ ਰਹੇ ਸਨ ਜਿਵੇਂ ਹੀ ਸਿੱਖ ਜੋੜੇ ਨੇ ਪਰਚੀ ਬਣਾਉਣ ਲਈ ਲੱਗੀ ਲਾਈਨ ਨੂੰ ਤੋੜਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਤਾਇਨਾਤ ਹੋਮਗਾਰਡ ਨੇ ਉਸ ਨੂੰ ਰੋਕ ਲਿਆ।
ਜਦੋਂ ਸਿੱਖ ਨੌਜਵਾਨ ਨੇ ਸਾਰੀ ਗੱਲ ਦੱਸਦੇ ਹੋਏ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਇੰਨੀ ਜ਼ਿਆਦਾ ਵਧ ਗਈ ਕਿ ਤਿੰਨ ਹੋਮਗਾਰਡ ਜਵਾਨਾਂ ਨੇ ਸਿੱਖ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਘਸੀਟਦੇ ਹੋਏ ਹਸਪਤਾਲ ਤੋਂ ਕਰੀਬ 300 ਮੀਟਰ ਦੂਰ ਥਾਣੇ ਤੱਕ ਲੈ ਗਏ। ਇਸ ਦੌਰਾਨ ਸਿੱਖ ਨੌਜਵਾਨ ਦੀ ਪਤਨੀ ਮਿੰਨਤਾਂ ਤਰਲੇ ਕਰਦੀ, ਰੋਂਦੀ ਕੁਰਲਾਉਂਦੀ ਹੋਈ ਅਪਣੇ ਬੱਚੇ ਨੂੰ ਗੋਦੀ ਚੁੱਕ ਅਤੇ 8 ਸਾਲਾਂ ਦੀ ਬੇਟੀ ਨਾਲ ਪੁਲਿਸ ਵਾਲਿਆਂ ਦੇ ਪਿੱਛੇ-ਪਿੱਛੇ ਆ ਰਹੀ ਸੀ ਪਰ ਇਸ ਦੇ ਬਾਵਜੂਦ ਵੀ ਹੋਮਗਾਰਡ ਜਵਾਨਾਂ ਦਾ ਦਿਲ ਨਹੀਂ ਪਸੀਜਿਆ।
ਬੱਚੀ ਵੀ ਅਪਣੇ ਪਿਤਾ ਨਾਲ ਹੋ ਰਿਹਾ ਜ਼ੁਲਮ ਦੇਖ ਕੇ ਰੋ ਰਹੀ ਸੀ ਹਾਲਾਂਕਿ ਥਾਣੇ ਜਾਣ ਤੋਂ ਮਗਰੋਂ ਸਿੱਖ ਨੌਜਵਾਨ ਦੀ ਪਤਨੀ ਦੀਆਂ ਮਿੰਨਤਾਂ ਮੰਨ ਕੇ ਸਿੱਖ ਨੌਜਵਾਨ ਨੂੰ ਛੱਡ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਦਾ ਨਾਂਅ ਸੁਖਦੇਵ ਸਿੰਘ ਦੱਸਿਆ ਜਾ ਰਿਹਾ ਹੈ ਜੋ ਤਾਲਗਾਓਂ ਇਲਾਕੇ ਦਾ ਰਹਿਣ ਵਾਲਾ ਹੈ। ਉਹ ਇੱਥੇ ਹਸਪਤਾਲ ਵਿਚ ਅਪਣੀ ਪਤਨੀ ਤੇ ਬੱਚਿਆਂ ਨਾਲ ਦਵਾਈ ਲੈਣ ਲਈ ਆਇਆ ਸੀ ਕਿਉਂਕਿ ਉਸ ਦੇ ਬੱਚੇ ਦੀ ਹਾਲਤ ਕਾਫ਼ੀ ਖ਼ਰਾਬ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਹੋਮਗਾਰਡ ਜਵਾਨਾਂ ਨੇ ਉਸਦੀ ਪਰੇਸ਼ਾਨੀ ਨੂੰ ਸਮਝੇ ਬਿਨਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੋਕਿਆ ਹੀ ਨਹੀਂ ਬਲਕਿ ਕੁੱਟਮਾਰ ਵੀ ਕੀਤੀ ਅਤੇ ਘਸੀਟਦੇ ਹੋਏ ਥਾਣੇ ਤਕ ਲੈ ਗਏ। ਜਦਕਿ ਪੁਲਿਸ ਨੇ ਇਸ ਦੌਰਾਨ ਉਸ ਦੇ ਬਿਮਾਰ ਬੱਚੇ ਦੀ ਕੋਈ ਪ੍ਰਵਾਹ ਤਕ ਨਹੀਂ ਕੀਤੀ। ਇਸ ਘਟਨਾ ਨੇ ਇਕ ਵਾਰ ਫਿਰ ਤੋਂ ਦਿੱਲੀ ਵਾਲੀ ਘਟਨਾ ਨੂੰ ਤਾਜ਼ਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹ ਹੈ।