ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ, ਸਲੀਪਰ ਤੇ ਜਨਰਲ ਕੋਚ ਨੂੰ 'ਏਸੀ ਕੋਚ' 'ਚ ਬਦਲਣ ਦੀ ਤਿਆਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਾਜੈਕਟ ਪੂਰਾ ਹੋਣ ਬਾਅਦ ਰੇਲਵੇ ਦੇ ਪੂਰੀ ਤਰ੍ਹਾਂ ਏਸੀ ਹੋਣ ਦਾ ਦਾਅਵਾ

Indian Railways

ਨਵੀਂ ਦਿੱਲੀ : ਕਰੋਨਾਮਾਹਮਾਰੀ ਨੇ ਰੇਲ ਦੇ ਚੱਕੇ ਬੇਸ਼ੱਕ ਜਾਮ ਕੀਤੇ ਹੋਏ ਹਨ, ਪਰ ਰੇਲਵੇ ਵਲੋਂ ਯਾਤਰੀਆਂ ਨੂੰ ਵਧੇਰੇ ਸਹੂਲਤਾ ਮੁਹੱਈਆ ਕਰਵਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਇਸੇ ਤਹਿਤ ਰੇਲਵੇ ਵਲੋਂ ਕਈ ਅਧੂਰੇ ਪਏ ਪ੍ਰਾਜੈਕਟਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਰੇਲਵੇ ਦਾ ਚੱਕਾ ਦੁਬਾਰਾ ਘੁੰਮਦੇ ਹੀ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਇਸੇ ਤਹਿਤ ਰੇਲਵੇ ਨੇ ਅਪਣੀਆਂ ਸਾਰੀਆਂ ਨੌਨ ਏਸੀ ਸਲੀਪਰ ਕਲਾਸ ਨੂੰ ਥ੍ਰੀ ਟਾਇਰ ਏਸੀ ਕੋਚ 'ਚ ਬਦਲਣ ਦੀ ਤਿਆਰੀ ਕੀਤਾ ਜਾ ਰਹੀ ਹੈ। ਇਸ ਦੇ ਨਾਲ ਹੀ ਜਨਰਲ ਕੋਚਾਂ ਨੂੰ ਵੀ ਏਸੀ 'ਚ ਬਦਲਣ ਦਾ ਬੀੜਾ ਚੁਕਿਆ ਗਿਆ ਹੈ, ਜਿਸ ਦੇ ਪੂਰਾ ਹੋਣ ਬਾਅਦ ਰੇਲਵੇ ਪੂਰੀ ਤਰ੍ਹਾਂ ਏਸੀ ਹੋ ਜਾਵੇਗਾ।

ਸੂਤਰਾਂ ਮੁਤਾਬਕ ਰੇਲਵੇ ਅਜਿਹੇ 230 ਕੋਚ ਤਿਆਰ ਕਰ ਰਿਹਾ ਹੈ। ਸਲੀਪਰ ਕਲਾਸ ਨੂੰ ਏਸੀ ਕੋਚ ਵਿਚ ਬਦਲਣ ਲਈ 'ਤੇ ਅੰਦਾਜ਼ਨ 3 ਕਰੋੜ ਰੁਪਏ ਖ਼ਰਚਾ ਆਉਣ ਦਾ ਅਨੁਮਾਨ ਹੈ। ਇਨ੍ਹਾਂ ਕੋਚਾਂ ਦਾ ਪ੍ਰੋਟੋਟਾਈਪ ਇਸ ਵੇਲੇ ਕਪੂਰਥਲਾ ਰੇਲ ਕੋਚ ਫੈਕਟਰੀ ਵਿਖੇ ਕੀਤੀ ਜਾ ਰਹੀ ਹੈ। ਅਪਡੇਟ ਕੀਤੇ ਗਏ ਕੋਚ ਆਰਥਿਕ ਏਸੀ 3-ਟਾਇਰ ਕਲਾਸ ਦੇ ਤੌਰ 'ਤੇ ਜਾਣੇ ਜਾਣਗੇ।

ਰੇਲਵੇ ਵਲੋਂ ਕੀਤੇ ਜਾ ਰਹੇ ਇਨ੍ਹਾਂ ਨਵੇਂ ਬਦਲਾਵਾਂ ਦਾ ਮੁਸਾਫ਼ਿਰਾਂ ਦੀ ਜੇਬ 'ਤੇ ਘੱਟ ਤੋਂ ਘੱਟ ਅਸਰ ਪਵੇ, ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਰੇਲਵੇ ਮੁਤਾਬਕ ਇਸ ਦਾ ਮੁਸਾਫ਼ਿਰਾਂ ਦੀਆਂ ਜੇਬਾਂ 'ਤੇ ਅਸਰ ਬਹੁਤ ਘੱਟ ਪਵੇਗਾ।

ਇਸ ਦੇ ਨਾਲ ਹੀ ਅਪਗ੍ਰੇਡ ਕੀਤੇ ਆਰਥਿਕ ਕੋਚਾਂ ਅੰਦਰ ਸੀਟਾਂ 'ਚ ਵੀ ਵਾਧਾ ਕੀਤਾ ਗਿਆ ਹੈ। ਇਹ ਸੀਟਾਂ ਹੁਣ 72 ਦੀ ਥਾਂ 83 ਹੋਣਗੀਆਂ ਜੋ ਪਹਿਲਾਂ ਆਮ ਤੌਰ 'ਤੇ ਇਕ ਕੋਚ ਵਿਚ ਸਿਰਫ਼ 72 ਹੁੰਦੀਆਂ ਸਨ।  ਇਨ੍ਹਾਂ ਨਵੇਂ ਕੋਚਾਂ ਨੂੰ ਏਸੀ-3 ਟੀਅਰ ਟੂਰਿਸਟ ਕਲਾਸ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਜਨਰਲ ਕੋਚਾਂ ਦੀਆਂ ਸੀਟਾਂ ਵੀ ਵਧਾ ਦਿਤੀਆਂ ਗਈਆਂ ਹਨ।

ਇਨ੍ਹਾਂ ਦੀ ਗਿਣਤੀ ਹੁਣ 100-105 ਹੋ ਜਾਵੇਗੀ। ਹਾਲਾਂਕਿ, ਅਜੇ ਇਸ ਦੇ ਡਿਜ਼ਾਈਨ ਦਾ ਫ਼ੈਸਲਾ ਨਹੀਂ ਕੀਤਾ ਗਿਆ। ਜਾਣਕਾਰੀ ਮੁਤਾਬਕ ਪਹਿਲੇ ਪੜਾਅ ਵਿਚ ਰੇਲਵੇ 230 ਕੋਚ ਬਣਾਏਗਾ। ਹਰ ਕੋਚ 'ਤੇ ਲਗਪਗ 3 ਕਰੋੜ ਰੁਪਏ ਖ਼ਰਚ ਆਉਣਗੇ, ਜੋ ਆਮ ਏਸੀ-3 ਟੀਅਰ ਬਣਾਉਣ ਦੀ ਕੀਮਤ ਨਾਲੋਂ 10 ਪ੍ਰਤੀਸ਼ਤ ਵੱਧ ਹੈ।