ਦਿੱਲੀ-ਅੰਮ੍ਰਿਤਸਰ ਰੂਟ 'ਤੇ ਵੀ ਦੌੜੇਗੀ ਬੁਲੇਟ ਟਰੇਨ, ਰੇਲਵੇ ਨੇ ਮੁਢਲੀ ਤਿਆਰੀ ਅਰੰਭੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ-ਅਹਿਮਦਾਬਾਦ ਤੋਂ ਇਲਾਵਾ 7 ਹੋਰ ਰੂਟਾਂ 'ਤੇ ਬੁਲੇਟ ਟਰੇਨ ਚਲਾਉਣ ਦੀ ਯੋਜਨਾ

Bullet Train Ptoject

ਨਵੀਂ ਦਿੱਲੀ : ਦੇਸ਼ ਅੰਦਰ ਬੁਲੇਟ ਟਰੇਨ ਚਲਾਉਣ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲੀ ਟਰੇਨ ਮੁੰਬਈ ਤੋਂ ਅਹਿਮਦਾਬਾਦ ਵਿਚਕਾਰ ਚਲਾਈ ਜਾਵੇਗੀ। ਜਪਾਨ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ 'ਤੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਹੁਣ ਰੇਲਵੇ ਨੇ 7 ਹੋਰ ਮਾਰਗਾਂ 'ਤੇ ਵੀ ਬੁਲੇਟ ਟਰੇਨ ਚਲਾਉਣ ਦੀ ਯੋਜਨਾ ਬਣਾਈ ਹੈ।

ਮੁੰਬਈ ਤੋਂ ਅਹਿਮਦਾਬਾਦ ਵਿਚਕਾਰ ਚੱਲਣ ਵਾਲੇ ਟਰੇਨ ਦਾ ਨਿਰਮਾਣ ਰਾਸ਼ਟਰੀ ਹਾਈ ਸਪੀਡ ਰੇਲ ਨਿਗਮ ਲਿਮਟਿਡ (ਐਨ.ਐਚ.ਐਸ.ਆਰ.ਸੀ.ਐਲ.) ਵਲੋਂ ਕੀਤਾ ਜਾ ਰਿਹਾ ਹੈ। ਰੇਲਵੇ ਨੇ ਇਸ ਕੰਪਨੀ ਨੂੰ 7 ਹੋਰ ਪ੍ਰਸਤਾਵਿਤ ਰੂਟਾਂ ਲਈ ਵੀ ਪੂਰੀ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।

ਰੇਲਵੇ ਦੇ ਸੂਤਰਾਂ ਮੁਤਾਬਕ ਜਿਹੜੇ 7 ਰੂਟਾਂ 'ਤੇ ਬੁਲਿਟ ਟਰੇਨ ਚਲਾਉਣ ਦੀ ਯੋਜਨਾ ਹੈ, ਉਨ੍ਹਾਂ 'ਚ ਦਿੱਲੀ-ਵਾਰਾਣਸੀ, ਦਿੱਲੀ-ਅੰਮ੍ਰਿਤਸਰ, ਵਾਰਾਣਸੀ-ਹਾਵੜਾ, ਚੇਨਈ-ਮੈਸੂਰ, ਮੁੰਬਈ-ਨਾਗਪੁਰ, ਮੁੰਬਈ-ਹੈਦਰਾਬਾਦ ਅਤੇ ਦਿੱਲੀ-ਹੈਦਰਾਬਾਦ ਰੂਟ ਸ਼ਾਮਲ ਹਨ।

ਰੇਲਵੇ ਸੂਤਰਾਂ ਮੁਤਾਬਕ ਐਨ.ਐਚ.ਐਸ.ਆਰ.ਸੀ.ਐਲ. ਵਲੋਂ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਇਨ੍ਹਾਂ ਸਾਰੇ ਰੂਟਾਂ ਸਬੰਧੀ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ। ਕੰਪਨੀ ਹਾਲ ਦੀ ਘੜੀ, ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਰੂਟ ਦਾ ਨਿਰਮਾਣ ਕਰਵਾ ਰਹੀ ਹੈ।

ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 14 ਸਤੰਬਰ 2017 ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਲਗਭਗ 108 ਲੱਖ ਕਰੋੜ ਰੁਪਏ ਦੇ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। 508 ਕਿਲੋਮੀਟਰ ਲੰਬੇ ਇਸ ਰੂਟ ਦਾ ਨਿਰਮਾਣ ਦਸੰਬਰ 2023 ਤਕ ਮੁਕੰਮਲ ਹੋਣਾ ਮਿਥਿਆ ਗਿਆ ਹੈ। ਮੁੰਬਈ ਤੋਂ ਅਹਿਮਦਾਬਾਦ ਤਕ ਜਾਣ ਵਾਲੀ ਇਹ ਬੁਲੇਟ ਟਰੇਨ ਜ਼ਮੀਨ, ਹਵਾ ਅਤੇ ਪਾਣੀ ਵਿਚੋਂ ਦੀ ਗੁਜਰੇਗੀ। ਇਸ ਦੇ ਸਮੁੰਦਰੀ ਰਸਤੇ 'ਚ 280 ਮੀਟਰ ਲੰਮੀ ਸੁਰੰਗ ਬਣਾਏ ਜਾਣ ਦੀ ਯੋਜਨਾ ਹੈ।