ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਦੀ ਇਮਾਰਤ ਦੀ ਮੁੜ ਉਸਾਰੀ ਕਰਵਾਈ ਜਾਵੇ
ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲਿਆ ਫ਼ੈਸਲਾ
ਅੰਮ੍ਰਿਤਸਰ: ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਇਮਾਰਤ ਦੀ ਮੁੜ ਉਸਾਰੀ ਕਰਵਾਈ ਜਾਵੇ। ਕਮੇਟੀ ਨੇ ਇਸ ਬਾਰੇ ਇਕ ਪ੍ਰਸਤਾਵ ਬਣਾ ਕੇ ਪਾਕਿਸਤਾਨ ਔਕਾਫ਼ ਬੋਰਡ ਨੂੰ ਭੇਜਿਆ ਹੈ।
ਅਪਣੇ ਪ੍ਰਸਤਾਵ ਵਿਚ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਸਿਆ ਹੈ ਕਿ ਮੌਜੂਦਾ ਇਮਾਰਤ ਦੀ ਖਸਤਾ ਹਾਲਤ ਹੋ ਚੁੱਕੀ ਹੈ, ਇਹ ਇਮਾਰਤ ਛੋਟੀ ਹੈ ਤੇ ਸੰਗਤਾਂ ਜ਼ਿਆਦਾ ਹੋਣ ਕਾਰਨ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਕਾਰਨ ਇਸ ਇਮਾਰਤ ਦੀ ਮੁੜ ਉਸਾਰੀ ਦੀ ਲੋੜ ਹੈ।
ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫ਼ਿਲਹਾਲ ਇਸ ਇਮਾਰਤ ਦੀ ਮੁੜ ਉਸਾਰੀ ਦੀ ਜ਼ਿੰਮੇਵਾਰੀ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ। ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਨਵ ਉਸਾਰੀ ਦਾ ਪਹਿਲਾ ਮਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 1946 ਵਿਚ ਲਿਆ ਸੀ ਪਰ ਭਾਰਤ ਪਾਕਿਸਤਾਨ ਦੀ ਵੰਡ ਹੋ ਜਾਣ ਕਾਰਨ ਇਸ ਮਤੇ 'ਤੇ ਕਾਰਵਾਈ ਨਹੀਂ ਹੋ ਸਕੀ।
ਦੂਜਰੀ ਵਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਮੁਹੰਮਦ ਜ਼ਿਆ ਉਲ ਹੱਕ ਦੇ ਕਾਰਜਕਾਲ ਵਿਚ ਵਿਦੇਸ਼ੀ ਸਿੱਖਾਂ ਨੇ ਇਸ ਇਮਾਰਤ ਦੀ ਮੁੜ ਉਸਾਰੀ ਲਈ ਪ੍ਰੋਗਰਾਮ ਉਲੀਕਿਆ ਸੀ। ਪਰ ਕੁੱਝ ਕਾਰਨਾਂ ਕਾਰਨ ਅਜਿਹਾ ਨਾ ਹੋ ਸਕਿਆ। ਤੀਜੀ ਵਾਰ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਸਾਲ 2005 ਵਿਚ ਇਸ ਇਮਾਰਤ ਦੀ ਨਵ ਉਸਾਰੀ ਲਈ ਮੁਢਲੀ ਤਿਆਰੀ ਕਰ ਲਈ ਸੀ।
ਬਾਬਾ ਅਮਰੀਕ ਸਿੰਘ ਨੇ ਔਕਾਫ਼ ਦੇ ਅਧਿਕਾਰੀਆਂ ਨੂੰ ਉਸ ਸਮੇਂ ਕਿਹਾ ਸੀ ਕਿ ਨਵੀਂ ਬਨਣ ਜਾ ਰਹੀ ਇਮਾਰਤ ਇਤਿਹਾਸਕ ਮਹੱਤਤਾ ਰਖਦੀ ਹੈ। ਇਹ ਇਮਾਰਤ ਸਾਕਾ ਨਨਕਾਣਾ ਸਾਹਿਬ ਦੀ ਚਸ਼ਮਦੀਦ ਗਵਾਹ ਹੈ। ਇਮਾਰਤ ਵਿਚ ਗੋਲੀਆਂ ਲੱਗੀਆਂ ਹੋਈਆਂ ਹਨ, ਉਹ ਇਸ ਇਮਾਰਤ ਨੂੰ ਮੂਲ ਰੂਪ ਵਿਚ ਕਾਇਮ ਰੱਖ ਕੇ ਇਸ ਨਾਲ ਹੀ ਇਕ ਨਵਾਂ ਸ੍ਰੀ ਦਰਬਾਰ ਸਾਹਿਬ ਬਣਾ ਕੇ ਦੇਣ ਲਈ ਤਿਆਰ ਹਨ ਕਿਉਂਕਿ ਬਾਬਾ ਅਮਰੀਕ ਸਿੰਘ ਪਹਿਲਾਂ ਵੀ ਪਾਕਿਸਤਾਨ ਵਿਚ ਗੁਰੂ ਘਰਾਂ ਦੀ ਸੇਵਾ ਕਰਵਾ ਚੁੱਕੇ ਸਨ
ਤੇ ਉਨ੍ਹਾਂ ਵਲੋਂ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ, ਸਮਾਧ ਮਹਾਰਾਜਾ ਰਣਜੀਤ ਸਿੰਘ ਆਦਿ ਪੁਰਾਣੀ ਇਮਾਰਤ ਨੂੰ ਬਚਾਇਆ ਜਾ ਚੁੱਕਾ ਸੀ। ਇਸ ਲਈ ਪਾਕਿਸਤਾਨ ਦੇ ਅਧਿਕਾਰੀ ਉਨ੍ਹਾਂ ਦੇ ਕੰਮਕਾਰ ਤੋਂ ਪ੍ਰਭਾਵਤ ਸਨ। ਇਸ ਵਾਰ ਵੀ ਕੁੱਝ ਕਾਰਨਾਂ ਕਰ ਕੇ ਸੇਵਾ ਨਹੀਂ ਹੋ ਸਕੀ। ਹੁਣ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਸੇਵਾ ਕਰਨ ਦਾ ਮਨ ਬਣਾਇਆ ਹੈ।
ਕਮੇਟੀ ਨੇ ਔਕਾਫ਼ ਬੋਰਡ ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੂੰ ਇਕ ਪ੍ਰਸਤਾਵ ਬਣਾ ਕੇ ਭੇਜਿਆ ਹੈ। ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੂੰ ਸੇਵਾ ਦੀਆਂ ਚਰਚਾਵਾਂ ਤੋਂ ਪਾਕਿਸਤਾਨ ਤੇ ਵਿਦੇਸ਼ ਦੇ ਸਿੱਖ ਕੁੱਝ ਚਿੰਤਤ ਹਨ ਕਿਉਂਕਿ ਬਾਬਾ ਜਗਤਾਰ ਸਿੰਘ ਤੇ ਗੁਰਦਵਾਰਾ ਤਰਨਤਾਰਨ ਸਾਹਿਬ ਦੀ ਡਿਉਢੀ ਢਾਹੇ ਜਾਣ ਦੇ ਮਾਮਲੇ 'ਤੇ ਰੋਸ ਹੈ।
ਅਕਾਲ ਤਖ਼ਤ ਸਾਹਿਬ ਦੇ ਗਲਿਆਰਿਆਂ ਵਿਚ ਚਲਦੀ ਚਰਚਾ ਮੁਤਾਬਕ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਮਾਰਤ ਦੇ ਨਵ ਨਿਰਮਾਣ ਦਾ ਕਾਰਜ ਸਮਾਂਬੱਧ ਹੋਣਾ ਚਾਹੀਦਾ ਹੈ। 'ਜਥੇਦਾਰ' ਚਾਹੁੰਦੇ ਹਨ ਕਿ ਇਹ ਸੇਵਾ ਇੱਕਲੇ ਕਿਸੇ ਕਾਰ ਸੇਵਾ ਵਾਲੇ ਬਾਬੇ ਨੂੰ ਨਾ ਦੇ ਕੇ ਪੰਜ ਸੰਤਾਂ ਦੇ ਇਕ ਪੈਨਲ ਨੂੰ ਦਿਤੀ ਜਾਵੇ।