ਝੋਪੜੀ 'ਚ ਰਹਿਣ ਵਾਲੇ ਮਜ਼ਦੂਰ ਨੂੰ ਭੇਜਿਆ 46 ਲੱਖ ਦਾ ਬਿੱਲ, ਬਿੱਲ ਨਾ ਭਰਨ 'ਤੇ ਕੱਟਿਆ ਕਨੈਕਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਜਲੀ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ

ਪੀੜਤ ਮਜਦੂਰ

ਉੱਤਰ ਪ੍ਰਦੇਸ਼ : ਬਾਗਪਤ ਜਿਲ੍ਹੇ ਵਿਚ ਇਕ ਝੋਪੜੀ ਵਿਚ ਰਹਿਣ ਵਾਲੇ ਮਜ਼ਦੂਰ ਦਾ 46 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਝੋਪੜੀ 'ਚ ਕੇਵਲ ਇੱਕ ਬੱਲਬ ਹੀ ਜਗਦਾ ਹੈ। ਇੰਨਾ ਹੀ ਨਹੀਂ ਬਿੱਲ ਨਾ ਭਰਨ 'ਤੇ  ਬਿਜਲੀ ਵਿਭਾਗ ਨੇ ਉਸਦੀ ਝੋਪੜੀ ਦਾ ਪਾਵਰ ਕਨੈਕਸ਼ਨ ਵੀ ਕੱਟ ਦਿੱਤਾ। ਪੀੜਤ ਵਿਅਕਤੀ ਨੇ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕੀਤੀ ਤਾਂ ਉਸਨੂੰ ਜਾਂਚ ਦਾ ਭਰੋਸਾ ਦਿੱਤਾ ਗਿਆ। ਹੁਣ ਪੀੜਤ ਬਿਜਲੀ ਵਿਭਾਗ ਦੇ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ।

ਦਰਅਸਲ ਝੋਪੜੀ ਵਿਚ ਰਹਿਣ ਵਾਲੇ ਦਿਹਾੜੀ ਮਜ਼ਦੂਰ ਯਸ਼ਪਾਲ ਨੂੰ ਪ੍ਰਧਾਨ ਮੰਤਰੀ ਮੋਦੀ ਦੀ 'ਸੋਭਾਗਿਆ ਯੋਜਨਾ' ਦੇ ਤਹਿਤ ਦੋ ਸਾਲ ਪਹਿਲਾਂ ਝੋਪੜੀ ਦੇ ਲਈ ਮੁਫ਼ਤ ਕਨੈਕਸ਼ਨ ਮਿਲਿਆ ਸੀ। ਝੋਪੜੀ ਵਿਚ ਇੱਕ ਬੱਲਬ ਜਗਾ ਕੇ ਪੀੜਤ ਮਜ਼ਦੂਰ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ 46 ਲੱਖ ਦਾ ਬਿੱਲ ਵੇਖ ਕੇ ਉਹ ਵੀ ਹੈਰਾਨ ਰਹਿ ਗਿਆ ਅਤੇ ਬਿੱਲ ਨਾ ਭਰਨ 'ਤੇ ਉਸਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ।

ਇਸ ਤੋਂ ਬਾਅਦ ਪੀੜਤ ਨੇ ਜਦੋਂ ਉੱਚ ਅਧਿਕਾਰੀਆਂ ਅੱਗੇ ਇਹ ਮਾਮਲਾ ਰੱਖਿਆ ਤਾਂ ਦੁਬਾਰਾ ਉਸਦਾ ਬਿਜਲੀ ਕਨੈਕਸ਼ਨ ਲਗਾਇਆ ਗਿਆ। ਖੈਰ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਬਿਜਲੀ ਵਿਭਾਗ ਵਿਚ ਹੜਕੰਪ ਮੱਚ ਗਿਆ ਹੈ ਅਤੇ ਹੁਣ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।