ਕਿਸਾਨਾਂ ਦੇ ਸਮਰਥਨ ‘ਚ ਆਈ ਬਾਲੀਵੁੱਡ ਅਦਾਕਾਰਾ ਗੁਲ ਪਨਾਗ, ਸਿੰਘੂ ਬਾਰਡਰ ‘ਤੇ ਭਰੀ ਹਾਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀਆਂ ਬਾਕੀ ਔਰਤਾਂ ਦਾ ਮਨੋਬਲ ਵਧਾ ਰਹੀਆਂ ਧਰਨੇ 'ਚ ਸ਼ਾਮਲ ਕਿਸਾਨ ਔਰਤਾਂ

Gul Panag join farmer protest at Singhu border

ਨਵੀਂ ਦਿੱਲੀ: ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਗੁਲ ਪਨਾਗ ਨੇ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਕਿਸਾਨੀ ਸੰਘਰਸ਼ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਅਭਿਨੇਤਰੀ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਗੁਲ ਪਨਾਗ ਨੇ ਸਿੰਘੂ ਬਾਰਡਰ ‘ਤੇ ਕਰੀਬ 2 ਘੰਟੇ ਬਿਤਾਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਗੁਲ ਪਨਾਗ ਦਾ ਅਸਲ ਨਾਂਅ ਗੁਲਕੀਰਤ ਕੌਰ ਹੈ, ਉਹਨਾਂ ਨੇ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਸੀਟ ਤੋਂ ਆਪ ਦੀ ਟਿਕਟ ‘ਤੇ ਚੋਣ ਲੜੀ ਸੀ।ਮੀਡੀਆ ਨਾਲ ਗੱਲ ਕਰਦਿਆਂ ਗੁਲ ਪਨਾਗ ਨੇ ਦੱਸਿਆ ਕਿ ਉਹਨਾਂ ਕੋਲ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਂਦੀਆਂ ਵਿਖੇ ਤਕਰੀਬਨ ਦੋ ਏਕੜ ਦੀ ਖੇਤੀ ਵਾਲੀ ਜ਼ਮੀਨ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਫੌਜ ਛੱਡਣ ਤੋਂ ਬਾਅਦ ਖੇਤੀ ਕੀਤੀ ਸੀ। ਉਸ ਨੇ ਕਿਹਾ ਕਿ ਉਹ ਇੱਥੇ ਔਰਤਾਂ ਦਾ ਹੌਂਸਲਾ ਵਧਾਉਣ ਆਈ ਸੀ ਪਰ ਉਸ ਨੇ ਆ ਕੇ ਦੇਖਿਆ ਕਿ ਇਹ ਕਿਸਾਨ ਔਰਤਾਂ ਦੇਸ਼ ਦੀਆਂ ਬਾਕੀ ਔਰਤਾਂ ਦਾ ਮਨੋਬਲ ਵਧਾ ਰਹੀਆਂ ਹਨ।

ਗੁਲ ਪਨਾਗ ਨੇ ਦੱਸਿਆ ਕਿ ਉਹ ਕਿਸਾਨ ਪਰਿਵਾਰ  ਨਾਲ ਸਬੰਧ ਰੱਖਦੀ ਹੈ ਤੇ ਉਹ ਇੱਥੇ ਹਮਦਰਦੀ ਦੀ ਭਾਵਨਾ ਨਾਲ ਆਈ ਹੈ। ਉਹਨਾਂ ਕਿਹਾ ਕਿ ਕਾਨੂੰਨਾਂ ਨੂੰ ਧੱਕੇ ਨਾਲ ਕਿਸਾਨਾਂ ‘ਤੇ ਥੋਪਿਆ ਜਾ ਰਿਹਾ ਹੈ ਤੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਕੋਈ ਚਰਚਾ ਨਹੀਂ ਕੀਤੀ ਗਈ। ਅਦਾਕਾਰਾ ਨੇ ਕਿਹਾ ਕਿ ਪੰਜਾਬੀਆਂ ਵਿਚ ਖਾਲਿਸਤਾਨ ਪੱਖੀ ਭਾਵਨਾਵਾਂ ਨਹੀਂ ਹਨ ਅਤੇ ਇਹ ਮੰਦਭਾਗਾ ਹੈ ਕਿ ਸਾਰੇ ਕਿਸਾਨਾਂ ਨੂੰ ਦੇਸ਼ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਗੁਲ ਪਨਾਗ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਯੂ ਪੀ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇੱਥੇ ਸਿਰਫ਼ ਪੰਜਾਬ ਦੇ ਕਿਸਾਨ ਹਨ, ਇੱਥੇ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹਨ। ਦੱਸ ਦਈਏ ਕਿ ਗੁਲ ਪਨਾਂਗ ਵੱਲੋਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ।