ਪੀਐਮ ਆਵਾਸ ਯੋਜਨਾ ਦੇ ਨਾਮ 'ਤੇ ਠਗੀ ਕਰਨ ਵਾਲਾ ਗ੍ਰਿਫਤਾਰ
ਦੋਸ਼ੀ ਸਸਤੇ ਵਿਚ ਮਕਾਨ ਦੇਣ ਦੇ ਨਾਮ 'ਤੇ ਲਗਭਗ 2000 ਲੋਕਾਂ ਨਾਲ ਤਿੰਨ ਕੋਰੜ ਰੁਪਏ ਤੋਂ ਵੱਧ ਦੀ ਠਗੀ ਕਰ ਚੁੱਕਾ ਹੈ।
ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ 'ਤੇ ਠਗੀ ਕਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਸਤੇ ਵਿਚ ਮਕਾਨ ਦੇਣ ਦੇ ਨਾਮ 'ਤੇ ਲਗਭਗ 2000 ਲੋਕਾਂ ਨਾਲ ਤਿੰਨ ਕੋਰੜ ਰੁਪਏ ਤੋਂ ਵੱਧ ਦੀ ਠਗੀ ਕਰ ਚੁੱਕਾ ਹੈ। ਉਸ ਨੇ ਅਪਣੀ ਸਾਈਟ 'ਤੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਫੋਟੋ ਲਗਾਈ ਹੋਈ ਸੀ। ਉਹ ਇਸ ਸਾਈਟ ਦੇ ਸਰਕਾਰੀ ਹੋਣ ਦਾ ਦਾਅਵਾ ਕਰਦਾ ਸੀ। ਇੰਨਾ ਹੀ ਨਹੀਂ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ 'ਤੇ ਚਾਰ ਵਿਗਿਆਪਨ ਕੰਪਨੀਆਂ ਨਾਲ ਇਕ ਕਰੋੜ ਰੁਪਏ ਦੀ ਠਕੀ ਵੀ ਕਰ ਚੁੱਕਾ ਹੈ।
ਉਸ ਨੂੰ ਇਕ ਹੋਰ ਮਾਮਲੇ ਵਿਚ ਭਗੌੜਾ ਐਲਾਨਿਆ ਜਾ ਚੁੱਕਾ ਹੈ। ਅਪਰਾਧ ਸ਼ਾਖਾ ਦੇ ਵਧੀਕ ਪੁਲਿਸ ਕਮਿਸ਼ਨਰ ਡਾ. ਅਜੀਤ ਕੁਮਾਰ ਸਿੰਘਲਾ ਮੁਤਾਬਕ ਡੀਸੀਪੀ ਭੀਸ਼ਮ ਸਿੰਘ ਦੀ ਨਿਗਰਾਨੀ ਵਿਚ ਗਠਿਤ ਟੀਮ ਨੇ ਦੋਸ਼ੀ ਰਜਿੰਦਰ ਕੁਮਾਰ ਤ੍ਰਿਪਾਠੀ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਆਵਾਸ ਅਤੇ ਸ਼ਹਿਰੀ ਗਰੀਬੀ ਉਨਮੂਲਨ ਮੰਤਰਾਲੇ ਦੇ ਵਧੀਕ ਸਕੱਤਰ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਿਚ ਉਸ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਨੈਸ਼ਨਲ ਹਾਊਸਿੰਗ ਡਿਵਲਪਮੈਂਟ ਆਰਗੇਨਾਈਜੇਸ਼ਨ ਨਾਮਕ ਟਰਸੱਟ ਦੇ ਚੇਅਰਮੈਨ ਨੇ ਅਪਣੀ ਵੈਬਸਾਈਟ 'ਤੇ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਦੀ ਫੋਟੋ ਲਗਾਈ ਹੋਈ ਹੈ। ਜਾਂਚ ਵਿਚ ਇਹ ਵੀ ਪਤਾ ਲਗਾ ਹੈ ਕਿ ਦੋਸ਼ੀ ਨੇ ਵਿਗਿਆਪਨ ਕੰਪਨੀ ਤੋਂ ਲਗਭਗ ਇਕ ਕਰੋੜ ਰੁਪਏ ਠਗ ਲਏ ਹਨ। ਇਕ ਕੰਪਨੀ ਤੋਂ 20 ਤੋਂ 25 ਲੱਖ ਤੱਕ ਰੁਪਏ ਲਏ ਗਏ ਸਨ ।