ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਲੱਕਤਾ ਵਿਚ ਇਸ ਸਮੇਂ ਸੀਏਏ ਅਤੇ ਐਨਆਰਸੀ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Photo

ਕਲੱਕਤਾ : ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾਂ ਦੀ ਯਾਤਰਾ 'ਤੇ ਅੱਜ ਸ਼ਨਿੱਚਰਵਾਰ ਨੂੰ ਕਲੱਕਤਾ ਵਿਖੇ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਰਾਜ ਭਵਨ ਵਿਚ ਮੁਲਾਕਾਤ ਕੀਤੀ ਹੈ। ਦੋਵਾਂ ਲੀਡਰਾਂ ਵਿਚਾਲੇ ਇਸ ਸਮੇਂ ਭਖੇ ਹੋਏ ਮੁੱਦੇ ਸੀਏਏ ਅਤੇ ਐਨਆਰਸੀ ਬਾਰੇ ਗੱਲਬਾਤ ਹੋਈ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਮਤਾ ਬੈਨਰਜੀ ਵਿਚਾਲੇ ਇਹ ਮੁਲਾਕਾਤ ਪ੍ਰੋਟੋਕਾਲ ਦੇ ਅਧੀਨ ਹੋਈ ਹੈ। ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਪੱਛਮੀ ਬੰਗਾਲ ਸੀਏਏ ਅਤੇ ਐਨਆਰਸੀ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਮਮਤਾ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਪੀਐਮ ਮੋਦੀ ਨੂੰ ਸੀਏਏ ਅਤੇ ਐਨਆਰਸੀ 'ਤੇ ਦੁਬਾਰਾ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪੱਛਮੀ ਬੰਗਾਲ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਖੁਦ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਮਮਤਾ ਬੈਨਰਜੀ ਕਰ ਰਹੀ ਹੈ। ਦੂਜੇ ਪਾਸੇ ਅੱਜ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਰਾਜਭਵਨ ਦੇ ਆਸਪਾਸ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।