ਨਾਗਰਿਕਤਾ ਸੋਧ ਕਾਨੂੰਨ ਬਾਰੇ ਮਮਤਾ ਦੀ ਦੋ ਟੁੱਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਦੁਆਰਾ ਬੁਲਾਈ ਬੈਠਕ ਦੇ ਬਾਈਕਾਟ ਦਾ ਐਲਾਨ

file photo

ਕੋਲਕਾਤਾ : ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਤੇਵਰਾਂ 'ਚ ਕੋਈ ਫ਼ਰਕ ਪੈਦਾ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਛਮੀ ਬੰਗਾਲ ਵਿਧਾਨ ਸਭਾ ਵਿਚ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇ ਲੋੜ ਪਈ ਤਾਂ ਉਹ ਇਕੱਲੀ ਲੜੇਗੀ।

ਸਦਨ ਵਿਚ ਹੀ ਉਨ੍ਹਾਂ ਯੂਨੀਵਰਸਿਟੀਆਂ ਵਿਚ ਹਿੰਸਾ ਅਤੇ ਨਾਗਰਿਕਤਾ ਕਾਨੂੰਨ ਵਿਰੁਧ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੁਆਰਾ 13 ਜਨਵਰੀ ਨੂੰ ਸੱਦੀ ਗਈ ਵਿਰੋਧੀ ਪਾਰਟੀਆਂ ਦੀ ਬੈਠਕ ਦੇ ਬਾਈਕਾਟ ਦਾ ਵੀ ਐਲਾਨ ਕੀਤਾ।

ਬੈਨਰਜੀ ਟਰੇਡ ਯੂਨੀਅਨਾਂ ਦੇ ਬੰਦ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਨਾਰਾਜ਼ ਮਮਤਾ ਬੈਨਰਜੀ ਨੇ ਕਿਹਾ ਕਿ ਖੱਬੇਪੱਖੀਆਂ ਅਤੇ ਕਾਂਗਰਸ ਦੀਆਂ ਦੋਹਰੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਿਧਾਨ ਸਭਾ ਦੁਆਰਾ ਨਾਗਰਿਕਤਾ ਕਾਨੂੰਨ ਵਿਰੁਧ ਮਤਾ ਪਾਸ ਕੀਤੇ ਜਾਣ ਮਗਰੋਂ ਬੈਨਰਜੀ ਨੇ ਕਿਹਾ, 'ਮੈਂ ਨਵੀਂ ਦਿੱਲੀ ਵਿਚ 13 ਜਨਵਰੀ ਨੂੰ ਸੋਨੀਆ ਗਾਂਧੀ ਦੁਆਰਾ ਬੁਲਾਈ ਗਈ ਬੈਠਕ ਦਾ ਬਾਈਕਾਟ ਕਰਾਂਗੀ ਕਿਉਂਕਿ ਮੈਂ ਖੱਬੇਪੱਖੀਆਂ ਅਤੇ ਕਾਂਗਰਸ ਦੁਆਰਾ ਕਲ ਪਛਮੀ ਬੰਗਾਲ ਵਿਚ ਕੀਤੀ ਗਈ ਹਿੰਸਾ ਦਾ ਸਮਰਥਨ ਨਹੀਂ ਕਰਦੀ।'

ਉਨ੍ਹਾਂ ਕਿਹਾ ਕਿ ਸਦਨ ਸਤੰਬਰ 2019 ਵਿਚ ਹੀ ਪੂਰੇ ਦੇਸ਼ ਵਿਚ ਤਜਵੀਜ਼ਤ ਐਨਆਰਸੀ ਵਿਰੁਧ ਮਤਾ ਪਾਸ ਕਰ ਚੁੱਕਾ ਹੈ, ਸੋ ਨਵੇਂ ਸਿਰੇ ਤੋਂ ਮਤਾ ਲਿਆਉਣ ਦੀ ਲੋੜ ਨਹੀਂ। ਵਿਰੋਧੀ ਆਗੂਆਂ ਨੇ ਜਦ ਤਾਜ਼ਾ ਮਤਾ ਲਿਆਉਣ 'ਤੇ ਜ਼ੋਰ ਦਿਤਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗਾਂਧੀ ਦੁਆਰਾ ਬੁਲਾਈ ਗਈ ਬੈਠਕ ਵਿਚ ਸ਼ਾਮਲ ਨਹੀਂ ਹੋਵੇਗੀ।

ਉਨ੍ਹਾਂ ਕਾਂਗਰਸ ਅਤੇ ਖੱਬੇਪੱਖੀਆਂ ਦੁਆਰਾ ਦਬਾਅ ਪਾਏ ਜਾਣ ਬਾਬਤ ਕਿਹਾ, 'ਤੁਸੀਂ ਲੋਕ ਪਛਮੀ ਬੰਗਾਲ ਵਿਚ ਇਕ ਨੀਤੀ ਅਪਣਾਉਂਦੇ ਹੋ ਅਤੇ ਦਿੱਲੀ ਵਿਚ ਇਕਦਮ ਉਲਟ ਨੀਤੀ। ਮੈਂ ਤੁਹਾਡੇ ਨਾਲ ਨਹੀਂ ਜੁੜਨਾ ਚਾਹੁੰਦੀ। ਜੇ ਲੋੜ ਪਈ ਤਾਂ ਮੈਂ ਇਕੱਲੀ ਲੜਨ ਲਈ ਤਿਆਰ ਹਾਂ।'