ਜਦੋਂ ਕੋਟ ਪਾ ਕੇ ਇੰਟਰਵਿਊ ਲੈਣ ਬੈਠਿਆ ਕਿਸਾਨ...

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਰੁਜ਼ਗਾਰ ਮੇਲੇ ਦੌਰਾਨ ਇਕ ਕੰਪਨੀ ਦੇ ਅਫ਼ਸਰ ਨੇ ਬਹੁਤ ਹੀ ਅਜੀਬੋ-ਗਰੀਬ ਹਰਕਤ ਕੀਤੀ ਹੈ।

Photo

ਲਖਨਊ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਰੁਜ਼ਗਾਰ ਮੇਲੇ ਦੌਰਾਨ ਇਕ ਕੰਪਨੀ ਦੇ ਅਫ਼ਸਰ ਨੇ ਬਹੁਤ ਹੀ ਅਜੀਬੋ-ਗਰੀਬ ਹਰਕਤ ਕੀਤੀ ਹੈ। ਅਫ਼ਸਰ ਨੇ ਨੌਕਰੀ ਲਈ ਇੰਟਰਵਿਊ ਦੌਰਾਨ ਅਪਣੀ ਥਾਂ ‘ਤੇ ਇਕ ਰਾਹ ਚੱਲ਼ਦੇ ਕਿਸਾਨ ਨੂੰ ਕੋਟ ਪਾ ਕੇ ਇੰਟਰਵਿਊ ਲੈਣ ਲਈ ਬਿਠਾ ਦਿੱਤਾ। ਜਦੋਂ ਇੰਟਰਵਿਊ ਦੇਣ ਆਏ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਰੁਜ਼ਗਾਰ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨ ਨੂੰ ਹਟਾਇਆ।

ਅਧਿਕਾਰੀਆਂ ਨੇ ਸਬੰਧਿਤ ਕੰਪਨੀ ਨੂੰ ਬਲੈਕ ਲਿਸਟ ਕਰਨ ਦੀ ਗੱਲ ਵੀ ਕਹੀ ਹੈ। ਰੁਜ਼ਗਾਰ ਮੇਲੇ ਵਿਚ ਲਖਨਊ ਦੀ ਮੇਕ ਆਰਗੈਨਿਕ ਇੰਡੀਆ ਨਾਂਅ ਦੀ ਇਕ ਕੰਪਨੀ ਦੇ ਅਫਸਰਾਂ ਨੇ 55 ਅਸਾਮੀਆਂ ਲਈ ਇੰਟਰਵਿਊ ਲੈਣੀ ਸੀ। ਇਸ ਦੇ ਲਈ ਰੀਜਨਲ ਮੈਨੇਜਰ ਅਫਤਾਬ ਆਲਮ ਸਵੇਰੇ ਥੋੜੀ ਦੇਰ ਬੈਠੇ। ਫਿਰ ਉਹ ਕਮਰੇ ਤੋਂ ਬਾਹਰ ਨਿਕਲ ਗਏ, ਜਿੱਥੇ ਉਹਨਾਂ ਨੂੰ ਬਿਲਹੌਰ ਨਿਵਾਸੀ ਕਿਸਾਨ ਅਕਸ਼ੈ ਕੁਮਾਰ ਮਿਲਿਆ।

ਅਫਤਾਬ ਉਸ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਸੀ। ਫਿਰ ਵੀ ਉਸ ਅਪਣਾ ਕੋਟ ਪਹਿਨਾ ਕੇ ਅਪਣੀ ਕੁਰਸੀ ਦੇ ਕੋਲ ਬਿਠਾ ਦਿੱਤਾ ਅਤੇ ਖੁਦ ਬਾਹਰ ਚਲੇ ਗਏ। ਜਦੋਂ ਉਮੀਦਵਾਰ ਇੰਟਰਵਿਊ ਲਈ ਪਹੁੰਚਣ ਲੱਗੇ ਤਾਂ ਅਕਸ਼ੈ ਕੁਮਾਰ ਨੇ ਮਾਪਦੰਡਾਂ ਦੇ ਉਲਟ ਸਵਾਲ ਕੀਤੇ। ਇਕ-ਦੋ ਸਵਾਲਾਂ ਤੋਂ ਬਾਅਦ ਹੀ ਸ਼ੱਕ ਹੋਣ ‘ਤੇ ਉਮੀਦਵਾਰਾਂ ਨੇ ਉਸ ਨੂੰ ਕੰਪਨੀ ਦਾ ਨਾਂਅ ਪੁੱਛਿਆ, ਜੋ ਕਿ ਉਸ ਨੂੰ ਨਹੀਂ ਸੀ ਪਤਾ।

ਅਹੁਦਾ ਪੁੱਛਣ ‘ਤੇ ਪਹਿਲਾਂ ਉਸ ਨੇ ਖੁਦ ਨੂੰ ਐਚਆਰ ਦੱਸਿਆ ਪਰ ਦਬਾਅ ਪੈਣ ‘ਤੇ ਉਸ ਨੇ ਪੱਲਾ ਝਾੜ ਲਿਆ। ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਅਫਤਾਬ ਨੇ ਉਸ ਨੂੰ ਥੋੜੀ ਦੇਰ ਲ਼ਈ ਇੰਟਰਵਿਊ ਸੰਭਾਲਣ ਲਈ ਕਿਹਾ ਸੀ। ਉਮੀਦਵਾਰਾਂ ਨੇ ਹੰਗਾਮੇ ਤੋਂ ਬਾਅਦ ਮਾਮਲਾ ਸਹਾਇਕ ਨਿਦੇਸ਼ਕ ਐਸਪੀ ਤੱਕ ਪਹੁੰਚਾ ਦਿੱਤਾ। ਉਹਨਾਂ ਨੇ ਕਿਹਾ ਕਿ ਮੇਕ ਆਰਗੇਨਿਕ ਇੰਡੀਆ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਉਹ ਕਿਸੇ ਰੁਜ਼ਗਾਰ ਮੇਲੇ ਵਿਚ ਹਿੱਸਾ ਨਹੀਂ ਲੈ ਸਕੇਗੀ।