ਅਦਾਲਤ ਨੇ ਸੋਨੂੰ ਸੂਦ ਨੂੰ ‘ਗ਼ੈਰਕਾਨੂੰਨੀ’ ਨਿਰਮਾਣ ਕੇਸ ਵਿਚ ਦਿਤੀ ਰਾਹਤ
ਪਟੀਸ਼ਨ ’ਤੇ ਸੁਣਵਾਈ 13 ਜਨਵਰੀ ਤਕ ਮੁਲਤਵੀ
ਮੁੰਬਈ : ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਇਕ ਸਿਵਲ ਅਦਾਲਤ ਦੇ ਉਸ ਹੁਕਮ ਨੂੰ 13 ਜਨਵਰੀ ਤਕ ਵਧਾ ਦਿਤਾ ਜਿਸ ਵਿਚ ਅਦਾਕਾਰ ਸੋਨੂੰ ਸੂਦ ਨੂੰ ਉਪਨਗਰ ਜੁਹੂ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਉਨ੍ਹਾਂ ਵਲੋਂ ਬਿਨਾਂ ਆਗਿਆ ਕੀਤੇ ਕਥਿਤ ਗ਼ੈਰਕਾਨੂੰਨੀ ਢਾਂਚਾਗਤ ਤਬਦੀਲੀਆਂ ਲਈ ਬੀਐਮਸੀ ਵਲੋਂ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਸੋਨੂੰ ਸੂਦ ਨੇ ਬਿ੍ਰਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀ ਐੱਮ ਸੀ) ਵਲੋਂ ਉਸ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਜਾਰੀ ਕੀਤੇ ਨੋਟਿਸ ਅਤੇ ਬੀ.ਐੱਮ.ਸੀ. ਦੀ ਕਾਰਵਾਈ ਵਿਰੁਧ ਦਾਇਰ ਕੀਤੇ ਮੁਕੱਦਮੇ ਵਿਰੁਧ ਦਸੰਬਰ ਵਿਚ ਸਿਵਲ ਕੋਰਟ ਦੀ ਬਰਖਾਸਤਗੀ ਨੂੰ ਚੁਨੌਤੀ ਦਿੰਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਸਿਵਲ ਕੋਰਟ ਨੇ ਇਸ ਮੁਕੱਦਮੇ ਨੂੰ ਰੱਦ ਕਰਦਿਆਂ ਸੂਦ ਨੂੰ ਅਪੀਲ ਦਾਇਰ ਕਰਨ ਲਈ ਤਿੰਨ ਹਫ਼ਤੇ ਦਾ ਸਮਾਂ ਦਿਤਾ ਅਤੇ ਉਸ ਦੇ ਆਦੇਸ਼ ਨੂੰ ਮੁਲਤਵੀ ਕਰ ਦਿਤਾ, ਜਿਸ ਨਾਲ ਅਭਿਨੇਤਾ ਨੂੰ ਰਾਹਤ ਮਿਲੀ ਸੀ। ਸੋਮਵਾਰ ਨੂੰ ਬੀਐਮਸੀ ਦੇ ਵਕੀਲ ਅਨਿਕ ਸਾਖਰੇ ਨੇ ਅਭਿਨੇਤਾ ਦੀ ਅਪੀਲ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ।
ਸੂਦ ਦੇ ਵਕੀਲ ਅਮੋਘ ਸਿੰਘ ਨੇ ਫਿਰ ਅੰਤਰਿਮ ਸੁਰੱਖਿਆ ਦੀ ਬੇਨਤੀ ਕੀਤੀ ਅਤੇ ਬੀਐਸਐਮ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਉਹ ਕੋਈ ਸਖ਼ਤ ਕਾਰਵਾਈ ਨਾ ਕਰਨ। ਜਸਟਿਸ ਪਿ੍ਰਥਵੀ ਰਾਜ ਚਵਾਨ ਨੇ ਪਟੀਸ਼ਨ ’ਤੇ ਸੁਣਵਾਈ 13 ਜਨਵਰੀ ਤਕ ਮੁਲਤਵੀ ਕਰਦਿਆਂ ਕਿਹਾ ਕਿ ਹੇਠਲੀ ਅਦਾਲਤ ਵਲੋਂ ਦਿਤਾ ਆਦੇਸ਼ ਉਦੋਂ ਤਕ ਜਾਰੀ ਰਹੇਗਾ। ਸੂਦ ਦੇ ਵਕੀਲ ਸਿੰਘ ਨੇ ਹਾਈ ਕੋਰਟ ਨੂੰ ਦਸਿਆ ਕਿ ਅਭਿਨੇਤਾ ਨੇ ਛੇ ਮੰਜ਼ਿਲਾ ਸ਼ਕਤੀ ਸਾਗਰ ਇਮਾਰਤ ਵਿਚ ਕੋਈ ਗ਼ੈਰਕਾਨੂੰਨੀ ਜਾਂ ਅਣਅਧਿਕਾਰਤ ਉਸਾਰੀ ਨਹੀਂ ਕੀਤੀ।