ਸੰਸਦ, ਮੰਤਰੀ ਜਾਂ ਪਾਰਟੀ ਵਿਚ ਕੋਈ ਅਹੁਦਾ ਨਹੀਂ ਲੈਣਾ ਚਾਵਾਂਗਾ- ਗੁਲਾਮ ਨਬੀ ਆਜ਼ਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਨੇ ਕਿਹਾ ਮੈਨੂੰ ਯਕੀਨ ਹੈ ਕਿ ਜਦੋਂ ਤੱਕ ਮੈਂ ਜੀਵਤ ਹਾਂ, ਜਨਤਾ ਦੀ ਸੇਵਾ ਕਰਦਾ ਰਹਾਂਗਾ

Ghulam Nabi Azad

ਨਵੀਂ ਦਿੱਲੀ: ਹਾਲ ਹੀ ਵਿਚ ਰਾਜ ਸਭਾ ਵਿਚ ਅਪਣੇ ਕਾਰਜਕਾਲ ਪੂਰਾ ਕਰਨ ਵਾਲੇ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਹ ਇਕ ਰਾਜਨੇਤਾ ਦੇ ਰੂਪ ਵਿਚ ਅਪਣੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਹਨਾਂ ਕਿਹਾ ਮੈਨੂੰ ਯਕੀਨ ਹੈ ਕਿ ਜਦੋਂ ਤੱਕ ਮੈਂ ਜੀਵਤ ਹਾਂ, ਜਨਤਾ ਦੀ ਸੇਵਾ ਕਰਦਾ ਰਹਾਂਗਾ।

ਕਾਂਗਰਸ ਆਗੂ ਨੇ ਕਿਹਾ ਕਿ ਲੋਕ ਉਹਨਾਂ ਨੂੰ ਹੁਣ ਕਈ ਥਾਵਾਂ ‘ਤੇ ਦੇਖ ਸਕਣਗੇ ਕਿਉਂਕਿ ਉਹ ਹੁਣ ਫਰੀ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੰਸਦ, ਮੰਤਰੀ ਜਾਂ ਪਾਰਟੀ ਵਿਚ ਕੋਈ ਅਹੁਦਾ ਹਾਸਲ ਕਰਨ ਦੀ ਉਹਨਾਂ ਦੀ ਕੋਈ ਇੱਛਾ ਨਹੀਂ ਹੈ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਆਜ਼ਾਦ ਨੇ ਦੱਸਿਆ ਕਿ 1975 ਵਿਚ ਉਹ ਜੰਮੂ ਕਸ਼ਮੀਰ ਵਿਚ ਰਾਜ ਯੁਵਾ ਕਾਂਗਰਸ ਦੇ ਪ੍ਰਧਾਨ ਸਨ।

ਉਹਨਾ ਨੇ ਪਾਰਟੀ ਵਿਚ ਕਈ ਅਹੁਦਿਆਂ ‘ਤੇ ਕੰਮ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੇ ਕਈ ਪ੍ਰਧਾਨ ਮੰਤਰੀਆਂ ਦੇ ਨਾਲ ਵੀ ਕੰਮ ਕੀਤਾ ਹੈ।  ਗੁਲਾਮ ਨਬੀ ਆਜ਼ਾਦ ਨੇ ਕਿਹਾ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਦੇਸ਼ ਲਈ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਦੁਨੀਆਂ ਅਤੇ ਦੇਸ਼ ਨੂੰ ਸਮਝਣ ਦਾ ਮੌਕਾ ਮਿਲਿਆ।

ਸੰਸਦ ਵਿਚ ਮਿਲੀ ਵਿਦਾਈ ਬਾਰੇ ਆਜ਼ਾਦ ਨੇ ਕਿਹਾ ਕਿ, ‘"ਅਸੀਂ ਕੁਝ ਲੋਕਾਂ ਨੂੰ ਬਾਹਰੀ ਤੌਰ ‘ਤੇ ਸਮਝਦੇ ਹਾਂ ਜਦਕਿ ਬਹੁਤ ਸਾਰੇ ਲੋਕਾਂ ਨੂੰ ਡੂੰਘਾਈ ਨਾਲ। ਜੋ ਲੋਕ ਮੈਨੂੰ ਡੂੰਘਾਈ ਨਾਲ ਸਮਝਦੇ ਹਨ ਅਤੇ ਸਾਲਾਂ ਤੋਂ ਮੇਰੇ ਕੰਮ ਨੂੰ ਦੇਖ ਰਹੇ ਹਨ, ਉਹ ਕੱਲ੍ਹ ਭਾਵੁਕ ਹੋ ਗਏ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ" ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਸੁਨੇਹਾ ਭੇਜਿਆ, ਮੈਨੂੰ ਫੋਨ ਕੀਤਾ ਅਤੇ ਮੇਰੇ ਲਈ ਟਵੀਟ ਕੀਤਾ”।