12 ਚੀਤਿਆਂ ਦੇ ਦੂਜੇ ਸਮੂਹ ਦੀ 18 ਫਰਵਰੀ ਨੂੰ ਪਹੁੰਚਣ ਦੀ ਉਮੀਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਖਣੀ ਅਫ਼ਰੀਕਾ ਤੋਂ ਲਿਆਂਦੇ ਜਾਣਗੇ ਚੀਤੇ 

Representative Image

 

ਸ਼ਿਓਪੁਰ - ਦੱਖਣੀ ਅਫ਼ਰੀਕਾ ਤੋਂ 12 ਚੀਤਿਆਂ ਦਾ ਦੂਜਾ ਜੱਥਾ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇ.ਐਨ.ਪੀ.) ਵਿੱਚ 18 ਫਰਵਰੀ ਨੂੰ ਪਹੁੰਚਣ ਦੀ ਸੰਭਾਵਨਾ ਹੈ। ਜੰਗਲਾਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਛੇ ਮਹੀਨੇ ਪਹਿਲਾਂ ਅੱਠ ਚੀਤੇ ਨਾਮੀਬੀਆ ਤੋਂ ਇੱਥੇ ਲਿਆਂਦੇ ਗਏ ਸਨ। ਪ੍ਰਮੁੱਖ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ (ਵਾਈਲਡਲਾਈਫ਼) ਜੇ.ਐਸ. ਚੌਹਾਨ ਨੇ ਦੱਸਿਆ ਕਿ ਮੌਜੂਦਾ ਯੋਜਨਾ ਅਨੁਸਾਰ 18 ਫਰਵਰੀ ਨੂੰ 12 ਹੋਰ ਚੀਤਿਆਂ ਨੂੰ ਕੇ.ਐਨ.ਪੀ. ਵਿੱਚ ਲਿਆਂਦਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੁਨੋ ਲਿਜਾਣ ਤੋਂ ਪਹਿਲਾਂ ਚੀਤਿਆਂ ਨੂੰ ਦੱਖਣੀ ਅਫ਼ਰੀਕਾ ਤੋਂ ਗਵਾਲੀਅਰ ਲਿਆਂਦਾ ਜਾਵੇਗਾ। 12 ਚੀਤਿਆਂ ਦੇ ਮੌਜੂਦਾ ਸਮੂਹ ਵਿੱਚ ਨਰ ਅਤੇ ਮਾਦਾ ਚੀਤਿਆਂ ਦੀ ਗਿਣਤੀ ਦੀ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਚੀਤਿਆਂ ਨੂੰ ਇੱਕ ਮਹੀਨੇ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ ਨੂੰ ਆਪਣੇ 72ਵੇਂ ਜਨਮਦਿਨ 'ਤੇ ਨਾਮੀਬੀਆ ਤੋਂ ਅੱਠ ਚੀਤਿਆਂ (ਪੰਜ ਮਾਦਾ ਅਤੇ ਤਿੰਨ ਨਰ) ਦੇ ਪਹਿਲੇ ਸਮੂਹ ਨੂੰ ਕੇ.ਐਨ.ਪੀ. ਵਿੱਚ ਛੱਡਿਆ ਸੀ। ਚੀਤਿਆਂ ਦਾ ਪਹਿਲਾ ਸਮੂਹ ਫਿਲਹਾਲ ਜੰਗਲ ਵਿੱਚ ਪੂਰੀ ਤਰ੍ਹਾਂ ਨਾਲ ਖੁੱਲ੍ਹੇ ਛੱਡੇ ਜਾਣ ਤੋਂ ਪਹਿਲਾਂ ਵੱਡੇ ਪਿੰਜਰਿਆਂ ਵਿੱਚ ਹੈ।

ਭਾਰਤ ਵਿੱਚ ਇਸ ਪ੍ਰਜਾਤੀ ਦੇ ਲੁਪਤ ਹੋਣ ਤੋਂ ਲਗਭਗ ਸੱਤ ਦਹਾਕਿਆਂ ਬਾਅਦ ਚੀਤਿਆਂ ਨੂੰ ਦੇਸ਼ ਵਿੱਚ ਮੁੜ ਤੋਂ ਵਸਾਇਆ ਜਾ ਰਿਹਾ ਹੈ। 

ਦੇਸ਼ ਵਿੱਚ ਆਖ਼ਰੀ ਚੀਤੇ ਦੀ ਮੌਤ 1947 ਵਿੱਚ ਮੌਜੂਦਾ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਵਿੱਚ ਹੋਈ ਸੀ, ਅਤੇ 1952 ਵਿੱਚ ਇਸ ਪ੍ਰਜਾਤੀ ਨੂੰ ਭਾਰਤ ਵਿੱਚੋਂ ਅਲੋਪ ਘੋਸ਼ਿਤ ਕਰ ਦਿੱਤਾ ਗਿਆ ਸੀ।