ਵਿਦੇਸ਼ ਤੋਂ ਲਿਆਂਦੇ ਚੀਤਿਆਂ ਦੀ ਹੋਵੇਗੀ ਪੂਰੀ ਨਿਗਰਾਨੀ, ਕੇਂਦਰ ਵੱਲੋਂ 9 ਮੈਂਬਰੀ ਟਾਸਕ ਫੋਰਸ ਦਾ ਗਠਨ
ਇਹ ਟੀਮ ਮੈਂਬਰ ਇਹਨਾਂ ਚੀਤਿਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਿਹਤ ਸਥਿਤੀ ਦੀ ਨਿਗਰਾਨੀ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਚੀਤਿਆਂ ਦੀ ਨਿਗਰਾਨੀ ਲਈ ਇਕ ਟੀਮ ਦਾ ਗਠਨ ਕੀਤਾ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 9 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਹ ਟੀਮ ਮੈਂਬਰ ਇਹਨਾਂ ਚੀਤਿਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਿਹਤ ਸਥਿਤੀ ਦੀ ਨਿਗਰਾਨੀ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ।
ਮੰਤਰਾਲੇ ਨੇ ਕਿਹਾ ਕਿ ਬਾੜਿਆਂ ਦੇ ਰੱਖ-ਰਖਾਅ ਅਤੇ ਪੂਰੇ ਖੇਤਰ ਦੀ ਸੁਰੱਖਿਆ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ। ਜੰਗਲਾਤ ਅਤੇ ਵੈਟਰਨਰੀ ਅਫਸਰਾਂ ਦੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਕਮੇਟੀ ਦੇ ਅਧਿਕਾਰੀ ਇਹਨਾਂ ਚੀਤਿਆਂ ਦੇ ਸ਼ਿਕਾਰ ਕਰਨ ਦੇ ਹੁਨਰ ਅਤੇ ਰੂਪਾਂਤਰਣ ਦੀ ਵੀ ਨਿਗਰਾਨੀ ਕਰਨਗੇ।
ਟਾਸਕ ਫੋਰਸ ਵਿਚ ਸ਼ਾਮਲ ਹਨ ਇਹ ਲੋਕ
-ਪ੍ਰਮੁੱਖ ਸਕੱਤਰ (ਜੰਗਲਾਤ), ਮੱਧ ਪ੍ਰਦੇਸ਼ – ਮੈਂਬਰ
-ਪ੍ਰਮੁੱਖ ਸਕੱਤਰ (ਸੈਰ ਸਪਾਟਾ), ਮੱਧ ਪ੍ਰਦੇਸ਼ – ਮੈਂਬਰ
-ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਅਤੇ ਚੀਫ਼ ਆਫ਼ ਫਾਰੈਸਟ ਫੋਰਸ, ਮੱਧ ਪ੍ਰਦੇਸ਼ – ਮੈਂਬਰ
-ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ (ਵਾਈਲਡਲਾਈਫ਼) ਅਤੇ ਚੀਫ਼ ਵਾਈਲਡਲਾਈਫ਼ ਵਾਰਡਨ, ਮੱਧ ਪ੍ਰਦੇਸ਼- ਨਵੀਂ ਦਿੱਲੀ
-ਆਲੋਕ ਕੁਮਾਰ, ਸੇਵਾਮੁਕਤ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ (ਵਾਈਲਡਲਾਈਫ਼) ਅਤੇ ਚੀਫ਼ ਵਾਈਲਡਲਾਈਫ਼ ਵਾਰਡਨ, ਮੱਧ ਪ੍ਰਦੇਸ਼ – ਮੈਂਬਰ
-ਡਾ. ਅਮਿਤ ਮਲਿਕ, ਇੰਸਪੈਕਟਰ ਜਨਰਲ, NTCA, ਨਵੀਂ ਦਿੱਲੀ – ਮੈਂਬਰ
-ਡਾ. ਵਿਸ਼ਨੂੰ ਪ੍ਰਿਆ, ਵਿਗਿਆਨੀ, ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ, ਦੇਹਰਾਦੂਨ – ਮੈਂਬਰ
-ਅਭਿਲਾਸ਼ ਖਾਂਡੇਕਰ, ਮੈਂਬਰ ਐਮ.ਪੀ. ਐਨ.ਬੀ.ਡਬਲਿਊ.ਐਲ, ਭੋਪਾਲ
-ਸੁਭਰੰਜਨ ਸੇਨ, ਏ.ਪੀ.ਸੀ.ਸੀ.ਐੱਫ.- ਵਾਈਲਡ ਲਾਈਫ - ਮੈਂਬਰ ਕਨਵੀਨਰ
ਇਸ ਤੋਂ ਪਹਿਲਾਂ 25 ਸਤੰਬਰ ਨੂੰ ਪੀਐੱਮ ਮੋਦੀ ਨੇ ਕਿਹਾ ਸੀ ਕਿ ਨੈਸ਼ਨਲ ਪਾਰਕ 'ਚ ਚੀਤਿਆਂ ਦਾ ਨਿਰੀਖਣ ਕਰਨ ਲਈ ਗਠਿਤ ਟਾਸਕ ਫੋਰਸ ਦੀ ਸਿਫ਼ਾਰਸ਼ ਦੇ ਆਧਾਰ 'ਤੇ ਇਹ ਤੈਅ ਕੀਤਾ ਜਾਵੇਗਾ ਕਿ ਲੋਕ ਜਾਨਵਰਾਂ ਨੂੰ ਕਦੋਂ ਦੇਖ ਸਕਣਗੇ। ਪੀਐਮ ਮੋਦੀ ਨੇ ਮਨ ਕੀ ਬਾਤ ਵਿਚ ਕਿਹਾ ਸੀ ਕਿ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਹ ਟਾਸਕ ਫੋਰਸ ਚੀਤਿਆਂ 'ਤੇ ਨਜ਼ਰ ਰੱਖੇਗੀ ਅਤੇ ਇਹ ਦੇਖੇਗੀ ਕਿ ਉਹ ਇੱਥੋਂ ਦੇ ਵਾਤਾਵਰਣ ਦੇ ਅਨੁਕੂਲ ਹੋਣ ਵਿਚ ਕਿੰਨੇ ਸਮਰੱਥ ਹਨ। ਇਸ ਦੇ ਆਧਾਰ 'ਤੇ ਕੁਝ ਮਹੀਨਿਆਂ ਬਾਅਦ ਫੈਸਲਾ ਲਿਆ ਜਾਵੇਗਾ।