ਚੋਣ ਕਮਿਸ਼ਨ ਦੀ ਸਖਤੀ! ਚੋਣਾਂ ਵਾਲੇ ਰਾਜਾਂ 'ਚ ਕੋਵਿਡ ਸਰਟੀਫ਼ਿਕੇਟਸ ਤੋਂ ਹਟਾਈ PM ਦੀ ਫੋਟੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਕਾਂਗਰਸ ਵੱਲੋਂ ਦਿੱਤੀ ਸ਼ਿਕਾਇਤ ਬਾਅਦ ਚੁਕਿਆ ਕਦਮ

Pm Modi

ਨਵੀਂ ਦਿੱਲੀ: ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਸਿਹਤ ਵਿਭਾਗ ਨੇ ਚੋਣਾਂ ਵਾਲੇ ਰਾਜਾਂ ਵਿਚ ਕੋਵਿਡ-19 ਟੀਕਾ ਸਰਟੀਫ਼ਿਕੇਟਸ ਤੋਂ ਪ੍ਰਧਾਨ ਮੰਤਰੀ  ਫੋਟੋ ਹਟਾਉਣ ਦਾ ਫ਼ੈਸਲਾ ਕੀਤਾ ਹੈ। ਦਰਅਸਲ ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਵੈਕਸੀਨ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਦੀ ਫੋਟੋ ਲਗਾਈ ਗਈ ਹੈ, ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ।  

ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਰੋਨਾ ਵੈਕਸੀਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਦੀ ਫੋਟੋ ਹਟਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਚੋਣ ਕਮਿਸ਼ਨ ਮੁਤਾਬਕ ਪ੍ਰਧਾਨ ਮੰਤਰੀ ਦੀਆਂ ਫੋਟੋਆਂ ਲਾਉਣ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ। ਇਸ ਤੋਂ ਬਾਅਦ ਚੋਣ ਕਮਿਸ਼ਸਨ ਨੂੰ 9 ਮਾਰਚ ਨੂੰ ਲਿਖੀ ਚਿੱਠੀ ਵਿਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਤਕਨੀਕੀ ਉਪਾਵਾਂ ਨੂੰ ਤੇਜ਼ੀ ਨਾਲ ਲੱਭਿਆ ਗਿਆ ਹੈ।

ਚਾਰ ਰਾਜਾਂ ਆਸਾਮ, ਕੇਰਲ, ਤਾਮਿਲ ਨਾਡੂ, ਪੱਛਮੀ ਬੰਗਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਸਥਿਤ ਟੀਕਾਕਰਣ ਕੇਂਦਰਾਂ ਲਈ ਕੋਵਿਨ ’ਚ ‘ਜ਼ਰੂਰੀ ਫ਼ਿਲਟਰਾਂ’ ਦੀ ਵਰਤੋਂ ਕੀਤੀ ਗਈ ਹੈ। ਤ੍ਰਿਣਮੂਲ ਕਾਂਗਰਸ (TMC) ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਸਿਹਤ ਮੰਤਰਾਲੇ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਕਿਹਾ ਸੀ।

ਚੋਣ ਕਮਿਸ਼ਨ ਨੇ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 26 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ; ਜਿਸ ਤੋਂ ਬਾਅਦ ਆਸਾਮ, ਪੱਛਮੀ ਬੰਗਾਲ, ਤਾਮਿਲ ਨਾਡੂ, ਕੇਰਲ ਤੇ ਪੁੱਡੂਚੇਰੀ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ।