ਅਮੇਠੀ 'ਚ ਰਾਹੁਲ ਨੂੰ ਲੇਜ਼ਰ ਨਾਲ ਕੀਤਾ ਗਿਆ ਟਾਰਗੈੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਦਾ ਵੱਡਾ ਦੋਸ਼

Rahul Gandhi

ਅਮੇਠੀ ਵਿਚ ਕਾਂਗਰਸੀ ਵਰਕਰਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੇਜ਼ਰ ਰਾਹੀਂ ਟਾਰਗੈੱਟ ਕਰਨ ਦੀ ਗੱਲ ਸਾਹਮਣੇ ਆਈ। ਇਸ ਮਗਰੋਂ ਕਾਂਗਰਸ ਨੇ ਅਮੇਠੀ ਵਿਚ ਰਾਹੁਲ ਗਾਂਧੀ ਵਲੋਂ ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਸੁਰੱਖਿਆ ਵਿਚ ਵੱਡੀ ਚੂਕ ਹੋਣ ਦਾ ਗੰਭੀਰ ਦੋਸ਼ ਲਗਾਇਆ ਹੈ।

ਕਾਂਗਰਸ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ਵਿਚ ਕਾਂਗਰਸ ਨੇ ਕਿਹਾ ਏ ਕਿ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਜਦੋਂ ਰਾਹੁਲ ਗਾਂਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਸ ਸਮੇਂ ਰਾਹੁਲ ਗਾਂਧੀ ਦੇ ਸਿਰ ਨੂੰ ਹਰੇ ਰੰਗ ਦੀ ਲੇਜ਼ਰ ਨਾਲ ਕਰੀਬ 7 ਵਾਰ ਟਾਰਗੈੱਟ ਕੀਤਾ ਗਿਆ।

ਕਾਂਗਰਸ ਨੇ ਅਪਣੇ ਪੱਤਰ ਵਿਚ ਰਾਹੁਲ ਗਾਂਧੀ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਹੈ। ਇਸ ਘਟਨਾ ਨੂੰ ਯੂਪੀ ਪ੍ਰਸ਼ਾਸਨ ਵਲੋਂ ਇਕ ਖ਼ਤਰਨਾਕ ਚੂਕ ਦੱਸਦੇ ਹੋਏ ਕਾਂਗਰਸ ਨੇ ਸਰਕਾਰ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸੀ ਨੇਤਾ ਅਹਿਮਦ ਪਟੇਲ, ਜੈਰਾਮ ਰਮੇਸ਼ ਅਤੇ ਰਣਦੀਪ ਸਿੰਘ ਸੁਰਜੇਵਾਲਾ ਵਲੋਂ ਸਾਈਨ ਕੀਤੇ ਗਏ ਪੱਤਰ ਵਿਚ ਸਰਕਾਰ ਨੂੰ ਕਿਹਾ ਗਿਆ ਏ ਕਿ ਕਿਸੇ ਵੀ ਸਿਆਸੀ ਮਤਭੇਦ ਦੇ ਬਾਵਜੂਦ ਰਾਹੁਲ ਗਾਂਧੀ ਦੀ ਸੁਰੱਖਿਆ ਤੁਹਾਡੀ ਅਤੇ ਮੰਤਰਾਲੇ ਦੀ ਪਹਿਲੀ ਜ਼ਿੰਮੇਵਾਰੀ ਹੈ।

ਦੱਸ ਦਈਏ ਕਿ ਰਾਹੁਲ ਗਾਂਧੀ ਪਿਛਲੇ ਕੁੱਝ ਸਮੇਂ ਤੋਂ ਰਾਫੇਲ ਮੁੱਦੇ ਨੂੰ ਲੈ ਕੇ  ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ...ਇਸ ਦੌਰਾਨ ਵੀ ਉਹ ਰਾਫ਼ੇਲ ਮੁੱਦੇ ਮਾਮਲੇ 'ਤੇ ਸੁਪਰੀਮ ਕੋਰਟ ਵਲੋਂ ਦਿਤੇ ਗਏ ਫ਼ੈਸਲੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਗੱਲਬਾਤ ਕਰ ਰਹੇ ਸਨ।