ਸੋਸ਼ਲ ਮੀਡੀਆ ਮੁਤਾਬਿਕ ਆਪ ਦੇ ਪ੍ਰੋ. ਸਾਧੂ ਸਿੰਘ ਨਾਲੋਂ ਕਾਂਗਰਸ ਦੇ ਮੁਹੰਮਦ ਸਦੀਕ ਦਾ ਪਲੜਾ ਭਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2019 ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਸਿਆਸਤ ਸਰਗਰਮ ਹੈ...

Mohammad Sadiq with Sadhu Singh

ਐਸਏਐਸ ਨਗਰ(ਮੋਹਾਲੀ) : 2019 ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਸਿਆਸਤ ਸਰਗਰਮ ਹੈ, ਉੱਥੇ ਹੀ ਸੋਸ਼ਲ ਮੀਡੀਆ ਵੀ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਅਪਣੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਸਪੋਕਸਮੈਨ ਟੀਵੀ ਵਲੋਂ ਕੀਤੇ ਗਏ ਪਿਛਲੇ ਇਕ ਸਰਵੇਖਣ ਵਿਚ ਸਾਹਮਣੇ ਆਇਆ ਸੀ ਕਿ ਪੰਜਾਬ ਵਿਚ ਲਗਭੱਗ 75 ਫ਼ੀਸਦੀ ਜਨਤਾ ਆਉਂਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਹੈ।

ਨਾਲ ਹੀ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਉਮੀਦਵਾਰ ਵੱਲ ਵਧੇਰੇ ਜਾ ਰਿਹਾ ਹੈ ਅਤੇ ਲੋਕ ਕਿਸ ਪਾਰਟੀ ਤੋਂ ਕੀ-ਕੀ ਉਮੀਦਾਂ ਰੱਖਦੇ ਹਨ। ਇਹ ਸਭ ਬਰੀਕੀ ਨਾਲ ਵੇਖਦੇ ਹੋਏ ‘ਸਪੋਕਸਮੈਨ ਟੀਵੀ’ ਵਲੋਂ ਪੰਜਾਬ ’ਚ ਵੱਖ-ਵੱਖ ਲੋਕਸਭਾ ਸੀਟਾਂ ਨੂੰ ਲੈ ਕੇ ਸਰਵੇਖਣ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਜ਼ਿਆਦਾ ਹੈ ਅਤੇ ਲੋਕ ਕੀ ਚਾਹੁੰਦੇ ਹਨ।

ਗੱਲ ਕਰਾਂਗੇ ਹਲਕਾ ਫਰੀਦਕੋਟ ਲੋਕਸਭਾ ਸੀਟ ਦੀ, ਜਿੱਥੇ ਕਾਂਗਰਸ ਵਲੋਂ ਉਮੀਦਵਾਰ ਮੁਹੰਮਦ ਸਦੀਕ ਚੋਣ ਮੈਦਾਨ ਵਿਚ ਉਤਾਰੇ ਗਏ ਹਨ ਅਤੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਵਜੋਂ ਪ੍ਰੋ, ਸਾਧੂ ਸਿੰਘ ਨੂੰ ਐਲਾਨਿਆ ਗਿਆ ਹੈ। ਫਰੀਦਕੋਟ ਸੀਟ ਤੋਂ ਕਿਸ ਉਮੀਦਵਾਰ ਦੀ ਜਿੱਤ ਪੱਕੀ ਹੈ ਇਹ ਤਾਂ ਚੋਣਾਂ ਤੋਂ ਬਾਅਦ ਨਤੀਜਿਆਂ ਦੌਰਾਨ ਹੀ ਪਤਾ ਲੱਗੇਗਾ ਪਰ ਇਸ ਸਮੇਂ ਦੌਰਾਨ ਲੋਕਾਂ ਦੇ ਰੁਝਾਨ ਸਬੰਧੀ ਸਰਵੇਖਣ ਕਰਕੇ ਪਤਾ ਲਗਾਇਆ ਗਿਆ ਹੈ, ਜਿਸ ਵਿਚ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਲੋਕ ਕੀ ਚਾਹੁੰਦੇ ਹਨ।

ਲੋਕਾਂ ਨੇ ਕਮੈਂਟਾਂ ਦੇ ਜ਼ਰੀਏ ਵੀ ਇਹ ਪ੍ਰਗਟਾਵਾ ਕੀਤਾ ਹੈ ਕਿ ਉਹ ਕਿਸ ਉਮੀਦਵਾਰ ਲਈ ਕੀ ਸੋਚ ਰੱਖਦੇ ਹਨ ਅਤੇ ਉਨ੍ਹਾਂ ਲਈ ਕਿਹੜਾ ਉਮੀਦਵਾਰ ਉੱਭਰ ਕੇ ਉਨ੍ਹਾਂ ਦੇ ਹਿੱਤਾਂ ਦਾ ਰਖਵਾਲਾ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ। ਫਰੀਦਕੋਟ ਤੋਂ ਦੋਵਾਂ ਉਮੀਦਵਾਰਾਂ ਵਿਚੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿਚ ਲੋਕਾਂ ਦਾ ਝੁਕਾਅ ਵਧੇਰੇ ਨਜ਼ਰ ਆ ਰਿਹਾ ਹੈ। ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੁਲ ਪੋਲਿੰਗ ਵਿਚੋਂ ਲਗਭੱਗ 55 ਫ਼ੀਸਦੀ ਲੋਕ ਮੁਹੰਮਦ ਸਦੀਕ ਦੀ ਜਿੱਤ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਲਗਭੱਗ 45 ਫ਼ੀਸਦੀ ਲੋਕ ਪ੍ਰੋ. ਸਾਧੂ ਸਿੰਘ ਵਾਲੇ ਪਾਸੇ ਹਨ। 

ਕੁਝ ਲੋਕਾਂ ਵਲੋਂ ਕੁਮੈਂਟਾਂ ਦੇ ਜ਼ਰੀਏ ਇਹ ਵੀ ਕਿਹਾ ਜਾ ਰਿਹਾ ਹੈ। ਮੁਹੰਮਦ ਸਦੀਕ ਬਾਰੇ ਲੋਕਾਂ ਨੇ ਵੱਖ ਵੱਖ ਤਰੀਕਿਆਂ ਨਾਲ ਉਨ੍ਹਾਂ ਦੇ ਭਵਿੱਖ ਵਿਚ ਐਮ.ਪੀ. ਹੋਣ ਦਾ ਦਾਅਵਾ ਕੀਤਾ ਹੈ। ਲੋਕਾਂ ਇਹ ਵੀ ਕਿਹਾ ਕਿ ਸਦੀਕ ਹਰ ਵਾਰ ਭੀੜ ਪੈਣ ’ਤੇ ਉਨ੍ਹਾਂ ਦੇ ਨਾਲ ਖੜੇ ਹੁੰਦੇ ਹਨ।

ਇਸ ਸਰਵੇਖਣ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਮੁਹੰਮਦ ਸਦੀਕ ਦਾ ਫਰੀਦਕੋਟ ਸੀਟ ਤੋਂ ਪਲੜਾ ਭਾਰੀ ਹੈ ਅਤੇ  ਲੋਕਾਂ ਵਲੋਂ ਉਨ੍ਹਾਂ ਦੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਹੁਣ ਅੱਗੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੋਣਾਂ ਵਿਚ ਲੋਕ ਕਿਸ ਪਾਸੇ ਖੜਦੇ ਹਨ ਅਤੇ ਕੀ ਨਤੀਜੇ ਸਾਹਮਣੇ ਆਉਂਦੇ ਹਨ।