59 ਭੁੱਖੀਆਂ ਪਿਆਸੀਆਂ ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਿਆ ਸਕੂਲ ਪ੍ਰਸ਼ਾਸ਼ਨ ਨੇ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਬੱਲੀਮਾਰਾਨ ਸਥਿਤ ਰਾਬੀਆ ਗਰਲਸ ਪਬਲਿਕ ਸਕੂਲ ਵਿਚ ਕਥਿਤ ਤੌਰ ਉੱਤੇ ਫੀਸ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ...

Rabea Girls Public School

ਨਵੀਂ ਦਿੱਲੀ, ਰਾਜਧਾਨੀ ਦਿੱਲੀ ਦੇ ਬੱਲੀਮਾਰਾਨ ਸਥਿਤ ਰਾਬੀਆ ਗਰਲਸ ਪਬਲਿਕ ਸਕੂਲ ਵਿਚ ਕਥਿਤ ਤੌਰ ਉੱਤੇ ਫੀਸ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ਬੱਚੀਆਂ ਨੂੰ ਘੰਟਿਆਂ ਤੱਕ ਸਕੂਲ ਦੀ ਬੇਸਮੈਂਟ ਵਿਚ ਬੰਧਕ ਬਣਾਕੇ ਰੱਖਿਆ ਗਿਆ। ਬੱਚੀਆਂ ਦੇ ਮਾਤਾ ਪਿਤਾ ਇਸ ਗੱਲ ਤੋਂ ਹੈਰਾਨ ਹਨ ਕਿ ਸਿਰਫ਼ ਫੀਸ ਜਮ੍ਹਾ ਨਾ ਕਰਵਾਉਣ ਉੱਤੇ ਤਹਿਖਾਨੇ (ਬੇਸਮੈਂਟ) ਵਿਚ ਬੰਧਕ ਬਣਾਕੇ 59 ਬੱਚੀਆਂ 5 ਘੰਟੇ ਤੱਕ ਕੈਦ ਰੱਖੀ ਗਈਆਂ। ਦੱਸਣਯੋਗ ਹੈ ਕੇ 40 ਡਿਗਰੀ ਤਾਪਮਾਨ ਵਿਚ ਭੁੱਖੀਆਂ - ਪਿਆਸੀਆਂ ਬੱਚੀਆਂ ਦੁਪਹਿਰ ਹੋਣ ਦਾ ਇੰਤਜਾਰ ਕਰ ਰਹੀਆਂ ਸਨ, ਤਾਂਕਿ ਜਲਦੀ ਤੋਂ ਉਨ੍ਹਾਂ ਦੇ  ਮਾਤਾ - ਪਿਤਾ ਆਕੇ ਉਨ੍ਹਾਂ ਨੂੰ ਲੈ ਜਾਣ।

ਮਾਤਾ ਪਿਤਾ ਨੇ ਸਕੂਲ ਪਹੁੰਚਕੇ ਜਦੋਂ ਬੱਚੀਆਂ ਨੂੰ ਇਸ ਹਾਲਤ ਵਿਚ ਦੇਖਿਆ ਤਾਂ ਉਹ ਅਪਣਾ ਰੋਣਾ ਨਹੀਂ ਰੋਕ ਸਕੇ।  ਗੁੱਸੇ ਨਾਲ ਭਰੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਬੇਸਮੈਂਟ ਵਿਚ ਕਮਰੇ ਦੇ ਬਾਹਰੋਂ ਦੀ ਕੁੰਡੀ ਲਗਾਈ ਗਈ ਸੀ। ਉਹ ਜਦੋਂ ਬੱਚੀਆਂ ਨੂੰ ਲੈਣ ਸਕੂਲ ਪੁੱਜੇ ਤਾਂ ਸਕੂਲ ਦਾ ਸਟਾਫ਼ ਵੀ ਤਸੱਲੀ ਭਰਿਆ ਜਵਾਬ ਨਹੀਂ ਦੇ ਸਕਿਆ। ਬੱਚੀਆਂ ਦਾ ਗਰਮੀ ਵਿਚ ਭੁੱਖ - ਪਿਆਸ ਨਾਲ ਬਹੂਤ ਬੁਰਾ ਹਾਲ ਹੋ ਚੁੱਕਿਆ ਸੀ। ਅਪਣੀਆਂ ਬੱਚੀਆਂ ਦੀ ਹਾਲਤ ਦੇਖਕੇ ਪਰਿਵਾਰਕ ਮੈਂਬਰਾਂ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ।

ਉਨ੍ਹਾਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੇ ਜੂਵੇਨਾਇਲ ਜਸਟੀਸ ਐਕਟ ਦੀ ਧਾਰਾ 75 ਦੇ ਤਹਿਤ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਮਾਮਲੇ ਨੇ ਮੰਗਲਵਾਰ ਨੂੰ ਉਸ ਸਮੇਂ ਅੱਗ ਫੜ ਲਈ ਜਦੋਂ ਇਸ ਹੈਰਤ ਅੰਗੇਜ਼ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਵਿਚ ਦਿਖਾਈ ਦੇ ਰਿਹਾ ਹੈ ਕਿ ਵਿਦਿਆਰਥਣਾਂ ਬੇਸਮੈਂਟ ਵਿਚ ਬੰਦ ਕੀਤੀਆਂ ਗਈਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕਿਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਦੇ ਖਿਲਾਫ ਪੀੜਿਤਾਂ ਵਿਚ ਡੂੰਘਾ ਰੋਸ ਹੈ।

ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀਆਂ ਬੇਸਮੈਂਟ ਵਿਚ ਫਰਸ਼ ਉੱਤੇ ਬੈਠੀਆਂ ਹਨ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੇਸਮੈਂਟ ਵਿਚ ਪੱਖਾ ਵੀ ਨਹੀਂ ਸੀ। ਮਾਤਾ ਪਿਤਾ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੇ ਬੇਸਮੈਂਟ ਦੇ ਦਰਵਾਜ਼ੇ ਖੋਲ੍ਹੇ ਤਾਂ ਬੱਚੀਆਂ ਜ਼ਮੀਨ ਉੱਤੇ ਬੈਠੀਆਂ ਹੋਈਆਂ ਸਨ। ਅਪਣੇ ਮਾਤਾ ਪਿਤਾ ਨੂੰ ਦੇਖਕੇ ਬੱਚੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਬੱਚੀਆਂ ਨੂੰ ਬੇਸਮੇਂਟ ਵਿਚ ਬੰਦ ਕਰਨ ਦੇ ਪਿੱਛੇ ਸਕੂਲ ਦੀ ਦਲੀਲ਼ ਸੀ ਕਿ ਉਨ੍ਹਾਂ ਦੀ ਜੂਨ ਮਹੀਨੇ ਦੀ ਫੀਸ ਹੁਣ ਤੱਕ ਜਮਾਂ ਨਹੀਂ ਕੀਤੀ ਗਈ ਸੀ,

ਜਦਕਿ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਿਆਨ ਦੇ ਖ਼ਿਲਾਫ਼ ਬੋਲਦੇ ਹੋਏ ਫੀਸ ਜਮ੍ਹਾ ਕਰਵਾਉਣ ਦਾ ਦਾਅਵਾ ਕੀਤਾ ਅਤੇ ਰਸੀਦਾਂ ਵੀ ਪੁਲਿਸ ਨੂੰ ਦਿਖਾਈਆਂ। 40 ਡਿਗਰੀ ਤਾਪਮਾਨ ਵਿਚ 5 ਘੰਟੇ ਤੋਂ ਭੁੱਖੀਆਂ ਪਿਆਸੀਆਂ ਬੱਚੀਆਂ ਬਾਰੇ ਜਦੋਂ ਮਾਂ - ਬਾਪ ਨੇ ਹੈਡ ਮਿਸਟਰੈਸ ਫ਼ਰਹਾ ਡੀਬਾ ਖਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬੇਹਦ ਬੇਰੁਖੀ ਨਾਲ ਗੱਲ ਕੀਤੀ ਅਤੇ ਸਕੂਲ ਤੋਂ ਬਾਹਰ ਕੱਢ ਦੇਣ ਦੀ ਧਮਕੀ ਦਿੱਤੀ।