ਮਾਤਮ ਵਿਚ ਬਦਲਿਆ ਵਿਆਹ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ ਰਫ਼ਤਾਰ ਟਰੱਕ ਨੇ ਦਰਜਨ ਤੋਂ ਵੱਧ ਲੋਕਾਂ ਨੂੰ ਕੁਚਲਿਆ

Speedy truck hits people

ਨਵੀਂ ਦਿੱਲੀ: ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿਚ ਬੁੱਧਵਾਰ ਦੀ ਰਾਤ ਨੂੰ ਜਸ਼ਨ ਦਾ ਮਾਹੌਲ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ ਤੇਜ਼ ਰਫ਼ਤਾਰ ਟਰੱਕ ਨੇ ਸੜਕ ਦੇ ਕਿਨਾਰੇ ਝੌਪੜੀ ਵਿਚ ਬੈਠੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਘਟਨਾ ਹਲਸੀ ਥਾਣਾ ਖੇਤਰ ਦੀ ਹੈ। ਹਲਸੀ ਵਿਚ ਇਕ ਵਿਅਕਤੀ ਮਾਂਝੀ ਦੀ ਲੜਕੀ ਦਾ ਵਿਆਹ ਸੀ।

ਬੁੱਧਵਾਰ ਰਾਤ ਨੂੰ ਲੜਕੀ ਦੇ ਘਰ ਬਰਾਤ ਆਈ ਸੀ। ਬਰਾਤੀਆਂ ਨੂੰ ਖਾਣਾ ਖਾਣ ਲਈ ਮਾਂਝੀ ਦੇ ਘਰ ਲਿਆਂਦਾ ਗਿਆ। ਜਦੋਂ ਮਹਿਮਾਨ ਖਾਣਾ ਖਾ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਝੌਂਪੜੀ ਵਿਚ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਲੋਕਾਂ ਨੂੰ ਕੁਚਲਣ ਤੋਂ ਬਾਅਦ ਟਰੱਕ ਨੇ 11 ਹਜ਼ਾਰ ਵੋਲਟ ਦੇ ਬਿਲਜੀ ਦੇ ਪੋਲ ਨੂੰ ਟੱਕਰ ਮਾਰੀ। ਟਰੱਕ ਦੀ ਟੱਕਰ ਨਾਲ ਬਿਜਲੀ ਦੇ ਪੋਲ ਡਿੱਗ ਗਏ। ਇਸ ਤੋਂ ਬਾਅਦ ਡਰਾਇਵਰ ਟਰੱਕ ਛੱਡ ਕੇ ਭੱਜ ਗਿਆ।

ਟਰੱਕ ਵੱਲੋਂ ਕੁਚਲੇ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਬੱਚੀ ਦੀ ਮੌਤ ਹਸਪਤਾਲ ਜਾਣ ਸਮੇਂ ਹੋਈ। ਜ਼ਖਮੀ ਲੋਕਾਂ ਨੂੰ ਲਖੀਸਰਾਏ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਮਰਨ ਵਾਲਿਆਂ ਵਿਚ ਤਿੰਨ ਬਰਾਤੀ ਅਤੇ ਪੰਜ ਲੜਕੀ ਦੇ ਰਿਸ਼ਤੇਦਾਰ ਸਨ। ਹਾਦਸੇ ਤੋਂ ਨਿਰਾਸ਼ ਲੋਕਾਂ ਨੇ ਲਖੀਸਰਾਏ ਸਿਕੰਦਰਾ ਰੋਡ ਨੂੰ ਜਾਮ ਕਰ ਦਿੱਤਾ ਹੈ। ਲੋਕ ਮ੍ਰਿਤਕ ਦੇਹ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਐਸਡੀਓ ਮੁਰਲੀ ਪ੍ਰਸਾਦ ਨੇ ਕਿਹਾ ਕਿ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ। ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਧਾਰ ‘ਤੇ ਉਸ ਦੇ ਮਾਲਕ ਅਤੇ ਡਰਾਇਵਰ ਦੀ ਪਛਾਣ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਲਖੀਸਰਾਏ ਜ਼ਿਲ੍ਹੇ ਦੇ ਹੀ ਇਕ ਪਿੰਡ ਦੀ ਹੈ, ਜਿੱਥੇ ਇਕ ਬਰਾਤੀਆਂ ਨਾਲ ਭਰੀ ਬੱਸ ਸਕੋਰਪਿਓ ਵਿਚ ਜਾ ਟਕਰਾਈ। ਇਸ ਹਾਦਸੇ ਵਿਚ 8 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਉਹਨਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।