ਅਯੁਧਿਆ ਮਾਮਲਾ: ਦੋਸਤਾਨਾ ਢੰਗ ਨਾਲ ਮਸਲਾ ਹੱਲ ਨਾ ਹੋਇਆ ਤਾਂ 25 ਜੁਲਾਈ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਇਕ ਹਫ਼ਤੇ ਵਿਚ ਮੰਗੀ ਸਥਿਤੀ ਰਿਪੋਰਟ

SC seeks report on status of Ayodhya land dispute mediation by July 18

ਨਵੀਂ ਦਿੱਲੀ : ਰਾਮ ਜਨਮ ਭੂਮੀ-ਬਾਬਰੀ ਮਸਜਿਦ ਅਯੁਧਿਆ ਜ਼ਮੀਨ ਵਿਵਾਦ ਮਾਮਲੇ ਵਿਚ ਜਾਰੀ ਵਿਚੋਲਗੀ ਪ੍ਰਕਿਰਿਆ ਸਬੰਧੀ ਸੁਪਰੀਮ ਕੋਰਟ ਨੇ ਇਕ ਹਫ਼ਤੇ ਦੇ ਅੰਦਰ ਸਥਿਤੀ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਵਿਵਾਦਤ ਮਾਮਲਾ ਦੋਸਤਾਨਾ ਢੰਗ ਨਾਲ ਹੱਲ ਨਾਲ ਹੋਇਆ ਤਾਂ 25 ਜੁਲਾਈ ਤੋਂ ਇਸ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਅਦਾਲਤ ਨੇ 18 ਜੁਲਾਈ ਤਕ ਸਥਿਤੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੰਦਿਆਂ ਕਿਹਾ ਕਿ ਅਗਲਾ ਹੁਕਮ 18 ਜੁਲਾਈ ਨੂੰ ਹੀ ਦਿਤਾ ਜਾਵੇਗਾ।

ਤਾਜ਼ਾ ਸਥਿਤੀ ਰਿਪੋਰਟ ਵੇਖਣ ਤੋਂ ਬਾਅਦ ਜੇ ਅਦਾਲਤ ਨੂੰ ਲੱਗੇਗਾ ਕਿ ਵਿਚੋਲਗੀ ਪ੍ਰਕਿਰਿਆ ਅਸਫ਼ਲ ਰਹੀ ਹੈ ਤਾਂ ਉਹ ਅਯੁਧਿਆ ਮਾਮਲੇ ਦੀ 25 ਜੁਲਾਈ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ।  ਅਦਾਲਤ ਦੀ ਬੈਂਚ ਦੇ ਜੱਜ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਸੇਵਾਮੁਕਤ ਜਸਟਿਸ ਐਫ਼,ਐਮ,ਆਈ, ਕਲੀਫੁੱਲਾ ਨੂੰ ਇਹ ਅਪੀਲ ਕਰਨਾ ਠੀਕ ਹੈ ਕਿ ਉਹ ਅਦਾਲਤ ਨੂੰ ਵਿਚੋਲਗੀ ਪ੍ਰਕਿਰਿਆ ਸਬੰਧੀ ਸੂਚਿਤ ਕਰਨ। ਕਲੀਫੁੱਲਾ ਅਗਲੇ ਵੀਰਵਾਰ ਤਕ ਇਹ ਰਿਪੋਰਟ ਅਦਾਲਤ ਨੂੰ ਸੌਂਪ ਦੇਣਗੇ, ਇਸੇ ਦਿਨ ਅਗਲਾ ਹੁਕਮ ਜਾਰੀ ਕੀਤਾ ਜਾਵੇਗਾ। 

ਅਦਾਲਤ ਨੇ ਗੋਪਾਲ ਸਿੰਘ ਵਿਸ਼ਾਰਦ ਵਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਹੁਕਮ ਦਿਤਾ ਹੈ। ਵਿਸ਼ਾਰਦ ਨੇ ਅਪਣੀ ਪਟੀਸ਼ਨ ਵਿਚ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਵਿਚੋਲਗੀ ਦੀ ਇਸ ਪ੍ਰਕਿਰਿਆ ਨੂੰ ਬੰਦ ਕਰੇ ਕਿਉਂਕਿ ਇਸ ਨਾਲ ਜ਼ਿਆਦਾ ਕੁੱਝ ਨਹੀਂ ਹੋ ਰਿਹਾ। ਸੁਣਵਾਈ ਦੌਰਾਨ ਰਾਮ ਲੱਲਾ ਬਿਰਾਜਮਾਨ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰੰਜੀਤ ਕੁਮਾਰ ਨੇ ਪਟੀਸ਼ਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਵਿਚੋਲਗੀ ਕਮੇਟੀ ਵਿਚ ਮਾਮਲਾ ਭੇਜੇ ਜਾਣ ਦਾ ਵਿਰੋਧ ਕੀਤਾ ਸੀ। ਪਟੀਸ਼ਨ ਦਾ ਵਿਰੋਧ ਕਰ ਰਹੇ ਮੁਸਲਿਮ ਪੱਖ ਵਲੋਂ ਪੇਸ਼ ਵਕੀਲ ਰਾਜੀਵ ਧਵਨ ਨੇ ਕਿਹਾ ਕਿ ਇਹ ਨਵੀਂ ਪਟੀਸ਼ਨ ਉਨ੍ਹਾਂ ਨੂੰ ਡਰਾਉਣ ਦੀ ਇਕ ਚਾਲ ਹੈ, ਇਸ ਲਈ ਵਿਚੋਲਗੀ ਦੀ ਪ੍ਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ।