ਭਾਰਤੀ ਕੰਪਨੀ ਦੀ ਦਵਾਈ 'ਚ ਕੈਂਸਰ ਦਾ ਤੱਤ, ਅਮਰੀਕਾ ਤੋਂ ਵਾਪਸ ਮੰਗਵਾਈ ਖੇਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਕੰਪਨੀ 'ਹੈਟਰੋ ਡ੍ਰੱਗਜ਼' ਦੀ ਇਕ ਇਕਾਈ ਨੇ ਅਮਰੀਕਾ ਤੋਂ ਅਪਣੀ 'ਵਲਸਾਰਟਨ' ਨਾਂਅ ਦੀ ਦਵਾਈ ਇਸ ਕਰਕੇ ਵਾਪਸ ਮੰਗਵਾ ਲਈ ਹੈ ਕਿਉਂਕਿ ਇਸ ਕੈਂਸਰ ਬਣਾਉਣ ...

Medicine

ਨਵੀਂ ਦਿੱਲੀ : ਭਾਰਤੀ ਕੰਪਨੀ 'ਹੈਟਰੋ ਡ੍ਰੱਗਜ਼' ਦੀ ਇਕ ਇਕਾਈ ਨੇ ਅਮਰੀਕਾ ਤੋਂ ਅਪਣੀ 'ਵਲਸਾਰਟਨ' ਨਾਂਅ ਦੀ ਦਵਾਈ ਇਸ ਕਰਕੇ ਵਾਪਸ ਮੰਗਵਾ ਲਈ ਹੈ ਕਿਉਂਕਿ ਇਸ ਕੈਂਸਰ ਬਣਾਉਣ ਵਾਲਾ ਤੱਤ ਐਨ ਨਾਈਟ੍ਰੋਸੋਡੀਅਮ ਥਾਈਲਾਮਾਈਨ (ਐਨਡੀਐਮਏ) ਪਾਇਆ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਅਮਰੀਕਾ ਦੀ ਰੈਗੂਲੇਟਰ ਏਜੰਸੀ 'ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ' (ਐੱਫ਼ਡੀਏ) ਵਲੋਂ ਅਪਣੀ ਵੈੱਬਸਾਈਟ 'ਤੇ ਕੀਤਾ ਗਿਆ ਹੈ, ਜਿਸ ਨੇ ਇਸ ਦਵਾਈ ਵਿਚ ਕੈਂਸਰ ਬਣਾਉਣ ਵਾਲੇ ਤੱਤ ਸ਼ਾਮਲ ਹੋਣ ਦੀ ਗੱਲ ਲਿਖੀ ਹੈ। 

ਮਿਲੀ ਜਾਣਕਾਰੀ ਅਨੁਸਾਰ ਬੀਤੇ ਜੁਲਾਈ ਮਹੀਨੇ ਤੋਂ ਵਿਸ਼ਵ ਦੀਆਂ 12 ਕੰਪਨੀਆਂ ਨੇ ਵਲਸਾਰਟਨ ਨਾਂਅ ਦੀ ਇਸ ਦਵਾਈ ਦੇ ਬੈਚ ਵਾਪਸ ਮੰਗਵਾ ਲਏ ਹਨ। ਐੱਫਡੀਏ ਦਾ ਕਹਿਣਾ ਹੈ ਕਿ ਚੀਨ ਦੀ ਕੰਪਨੀ ਜ਼ੇਜਿਆਂਗ ਹੁਆਹਾਇ ਵਲੋਂ ਤਿਆਰ ਕੀਤੀ ਜਾਣ ਵਾਲੀ ਵਲਸਾਰਟਨ ਵਿਚ ਕੈਂਸਰ ਦਾ ਜਿਹੜਾ ਕਾਰਕ ਤੱਤ ਪਾਇਆ ਗਿਆ ਹੈ, ਉਹੀ ਭਾਰਤੀ ਕੰਪਨੀ ਹੈਟਰੋ ਵਿਚ ਵੀ ਪਾਇਆ ਗਿਆ ਹੈ। ਐੱਫਡੀਏ ਮੁਤਾਬਕ ਟੈਸਟਾਂ ਦੇ ਨਤੀਜਿਆਂ ਤੋਂ ਇਹੋ ਤੱਥ ਸਾਹਮਣੇ ਆਇਆ ਹੈ ਕਿ ਵਲਸਾਰਟਨ ਵਿਚ ਐੱਨਡੀਐੱਮਏ ਨਿਸ਼ਚਤ ਤੇ ਤੈਅਸ਼ੁਦਾ ਮਾਤਰਾ ਤੋਂ ਵੱਧ ਪਾਇਆ ਗਿਆ ਹੈ ਜੋ ਦਵਾਈ ਖਾਣ ਵਾਲੇ ਮਰੀਜ਼ਾਂ ਲਈ ਘਾਤਕ ਸਾਬਤ ਹੋ ਸਕਦਾ ਹੈ ਅਤੇ ਉਹ ਕੈਂਸਰ ਦੀ ਲਪੇਟ ਵਿਚ ਆ ਸਕਦੇ ਹਨ। 

ਹੈਟਰੋ ਕੰਪਨੀ ਦੇ ਭਾਰਤ ਸਥਿਤ ਬੁਲਾਰੇ ਨੇ ਫਿਲਹਾਲ ਇਸ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਦਸ ਈਏ ਕਿ ਵਲਸਾਰਟਨ ਨੂੰ ਪਹਿਲੀ ਵਾਰ ਸਵਿਟਜ਼ਰਲੈਂਡ ਦੀ ਫ਼ਰਮ ਨੋਵਾਰਤਿਸ ਨੇ ਵਿਕਸਤ ਕੀਤਾ ਸੀ ਤੇ ਉਸ ਨੂੰ 'ਡਾਇਓਵੈਨ' ਦੇ ਨਾਂਅ ਨਾਲ ਵੇਚਿਆ ਸੀ। ਹੁਣ ਇਸ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਜੈਨੇਰਿਕ ਰੂਪ 'ਚ ਤਿਆਰ ਕਰਦੀਆਂ ਹਨ। ਹੈਟਰੋ ਦੇ ਦਵਾਈਆਂ ਤਿਆਰ ਕਰਨ ਦੇ 30 ਪਲਾਂਟ ਸਮੁੱਚੇ ਵਿਸ਼ਵ ਦੇ ਵੱਖੋ-ਵੱਖਰੇ ਸ਼ਹਿਰਾਂ ਵਿਚ ਸਥਾਪਿਤ ਹਨ। 

ਭਾਰਤ ਦੀ ਮੁੱਖ ਡਰੱਗ ਅਥਾਰਟੀ 'ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ' ਦਾ ਕਹਿਣਾ ਹੈ ਕਿ ਵਲਸਾਰਟਨ ਵਾਲੀਆਂ ਦਵਾਈਆਂ ਪਹਿਲਾਂ ਚੀਨ ਤੋਂ ਮੰਗਵਾਈਆਂ ਜਾਂਦੀਆਂ ਸਨ ਪਰ ਹੁਣ ਉਨ੍ਹਾਂ ਦੀ ਦਰਾਮਦ ਅਸਥਾਈ ਤੌਰ 'ਤੇ ਮੁਲਤਵੀ ਕਰ ਦਿਤੀ ਗਈ ਹੈ। ਉਂਝ ਹੋਰਨਾਂ ਥਾਵਾਂ ਤੋਂ ਇਸ ਦੀ ਦਰਾਮਦ ਹਾਲੇ ਵੀ ਜਾਰੀ ਹਨ। ਸਾਰੀ ਪਾਸਿਓਂ ਦਰਾਮਦ ਨੂੰ ਨਹੀਂ ਰੋਕਿਆ ਜਾ ਸਕਦਾ। ਆਮ ਤੌਰ 'ਤੇ ਦਵਾਈਆਂ ਵਿਚ ਵਰਤੇ ਜਾਣ ਵਾਲੇ ਦੋ-ਤਿਹਾਈ ਤੱਤਾਂ ਦੀ ਸਪਲਾਈ ਚੀਨ ਤੇ ਭਾਰਤ ਤੋਂ ਹੁੰਦੀ ਹੈ। ਫਿਲਹਾਲ ਕੰਪਨੀ ਵਲੋਂ ਦਵਾਈਆਂ ਦੀ ਅਮਰੀਕਾ ਭੇਜੀ ਗਈ ਖੇਪ ਵਾਪਸ ਮੰਗਵਾ ਲਈ ਗਈ ਹੈ।