ਪੰਜਾਬ 'ਚ ਨਸ਼ਿਆਂ ਵਾਂਗ ਕੈਂਸਰ ਦੀ ਬਿਮਾਰੀ ਵੀ ਬਣ ਰਹੀ ਲੋਕਾਂ ਦਾ ਕਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਜਿਸ ਤਰ੍ਹਾਂ ਨਸ਼ਿਆਂ ਨੇ ਭਿਅਨਕ ਰੂਪ ਧਾਰਨ ਕੀਤਾ ਹੋਇਆ ਹੈ ਉਸੇ ਤਰ੍ਹਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਿਨੋਂ-ਦਿਨ ਪੰਜਾਬ 'ਚ ਆਪਣੇ ਪੈਰ ਪਸਾਰ ਰਹੀ ਹੈ।...

spray

ਐਸ  ਏ ਐਸ ਨਗਰ - ਪੰਜਾਬ ਵਿਚ ਜਿਸ ਤਰ੍ਹਾਂ ਨਸ਼ਿਆਂ ਨੇ ਭਿਅਨਕ ਰੂਪ ਧਾਰਨ ਕੀਤਾ ਹੋਇਆ ਹੈ ਉਸੇ ਤਰ੍ਹਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਿਨੋਂ-ਦਿਨ ਪੰਜਾਬ 'ਚ ਆਪਣੇ ਪੈਰ ਪਸਾਰ ਰਹੀ ਹੈ। ਖਾਸ ਕਰ ਕੇ ਮਾਲਵੇ 'ਚ ਕੈਂਸਰ ਦਾ ਕਹਿਰ ਜ਼ਿਆਦਾ ਦੇਖਿਆ ਗਿਆ ਹੈ। ਮਹਿੰਗੇ ਇਲਾਜ ਕਾਰਨ ਗਰੀਬ ਮਰੀਜ਼ਾਂ ਕੋਲ ਕੋਈ ਹੱਲ ਨਹੀਂ ਬਚਦਾ, ਜਿਸ ਨਾਲ ਇਸ ਬੀਮਾਰੀ ਤੋਂ ਨਿਜਾਤ ਪਾਈ ਜਾ ਸਕੇ। ਸਾਲ 2011 ਤੋਂ 2017 ਤੱਕ ਰਜਿਸਟਰਡ ਹੋਏ ਕੈਂਸਰ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਕਰੀਬ 56440 ਸੀ। ਅੱਜ ਭਾਰਤ ਦੇ ਲੋਕ ਕੈਂਸਰ ਵਰਗੀ ਲਾਇਲਾਜ ਬਿਮਾਰੀ ਨਾਲ ਲੜ ਰਹੇ ਹਨ। ਖਾਸ ਕਰ ਸਾਡੇ ਸੂਬੇ ਪੰਜਾਬ ਵਿਚ ਇਹ ਬਿਮਾਰੀ ਬਹੁਤ ਤੇਜੀ ਨਾਲ ਫੈਲੀ ਹੈ ਤੇ ਇਸ ਨੇ ਬਹੁਤ ਗੰਭੀਰ ਰੂਪ ਅਖਤਿਆਰ ਕਰ ਲਿਆ ਹੈ।

ਅੰਕੜਿਆਂ ਮੁਤਾਬਕ ਪੰਜਾਬ ਸੂਬੇ ਅੰਦਰ ਪ੍ਰਤੀ ਦਿਨ ਕੈਂਸਰ ਨਾਲ 30 ਮੌਤਾਂ ਹੁੰਦੀਆਂ ਹਨ, ਭਾਵ ਹਰੇਕ ਚਾਰ ਘੰਟਿਆਂ ਚ ਪੰਜ ਮੌਤਾਂ ਕੈਂਸਰ ਦੀ ਵਜਾ ਨਾਲ ਪੰਜਾਬ ਅੰਦਰ ਹੋ ਜਾਂਦੀਆਂ ਹਨ। ਇਸ ਤੋਂ ਬਿਨਾਂ ਪੰਜਾਬ ਸੂਬੇ ਦੇ ਮਾਲਵਾ ਇਲਾਕੇ ‘ਚ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਬਦਤਰ ਹਨ। ਸੰਸਾਰ ਭਰ ਵਿਚ ਇਸ ਬਿਮਾਰੀ ਨਾਲ ਸਾਲ ਭਰ ਵਿਚ ਲੱਖਾਂ ਲੋਕੀਂ ਮਰ ਜਾਂਦੇ ਹਨ, ਇਹਨਾਂ ਵਿਚ ਜ਼ਿਆਦਾ ਗਿਣਤੀ ਸਿਰਫ਼ ਭਾਰਤ ਅੰਦਰ ਹੈ, ਜਿਸ ਵਿਚੋਂ ਵੱਡਾ ਹਿੱਸਾ ਪੰਜਾਬ ਦਾ ਹੈ। ਸਾਲ 2013 ਵਿਚ ਸਰਵੇਖਣ ਮੁਤਾਬਕ 84452 ਲੋਕਾਂ ਚ ਕੈਂਸਰ ਦੇ ਲੱਛਣ ਪਾਏ ਗਏ ਸਨ। ਪੰਜਾਬ ਸਰਕਾਰ 2006 ਤੋਂ 2013 ਤੱਕ ਕਰਵਾਏ ਗਏ ਸਰਵੇਖਣ ਮੁਤਾਬਕ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 33318 ਦੱਸੀ ਗਈ ਸੀ। 

ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ। ਖੇਤੀ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਸਨਅੱਤਾਂ ਦੁਆਰਾ ਫੈਲਾਇਆ ਜਾ ਰਿਹਾ ਅੱਤ ਦਾ ਪ੍ਰਦੂਸ਼ਣ, ਕੂੜੇ ਦੀ ਸਾਂਭ-ਸੰਭਾਲ ਨਾ ਹੋਣਾ ਅਤੇ ਸਾਡੀ ਭੋਜਨ ਲੜੀ ਵਿਚ ਅਨੇਕਾਂ ਕਿਸਮ ਦੇ ਜ਼ਹਿਰ ਇਕੱਠੇ ਹੋ ਗਏ ਹਨ। ਇਸ ਵਿਚ ਕਈ ਤਰ੍ਹਾ ਦੇ ਕੀਟਨਾਸ਼ਕ, ਨਦੀਨਨਾਸ਼ਕ, ਨਾਈਟਰੇਟ, ਭਾਰੀ ਧਾਤਾਂ, ਯੂਰੇਨੀਅਮ, ਸਨਅੱਤੀ ਜ਼ਹਿਰ ਸ਼ਾਮਲ ਹਨ। ‘ਕਪਾਹ ਪੱਟੀ’ ਦੇ ਨਾਂ ਨਾਲ ਮਸ਼ਹੂਰ ਰਿਹਾ ਮਾਲਵਾ ਖੇਤਰ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆਉਣ ਕਰਕੇ ਹੁਣ ‘ਕੈਂਸਰ ਪੱਟੀ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ। ਲੋਕਾਂ ਨੂੰ ਮਜਬੂਰੀ ਵੱਸ ਕੈਂਸਰ ਦੇ ਸਸਤੇ ਇਲਾਜ ਲਈ ਬੀਕਾਨੇਰ, ਰਾਜਸਥਾਨ ਜਾਣਾ ਪੈਂਦਾ ਸੀ। ਸਮੱਸਿਆ ਇਸ ਹੱਦ ਤੱਕ ਗੰਭੀਰ ਹੋ ਗਈ ਸੀ ਕਿ ਮਾਲਵੇ ਇਲਾਕੇ ਦੇ ਲੋਕਾਂ ਵਾਸਤੇ ਬੀਕਾਨੇਰ ਦਾ ਨਾਂ ਹੀ ਡਰਾਉਣਾ ਬਣ ਗਿਆ ਸੀ।

ਜਿਸ ਕਰਨ ਇਸ ਟ੍ਰੇਨ ਦਾ ਨਾਂ ‘ਕੈਂਸਰ ਐਕਸਪ੍ਰੈਸ’ ਪੈ ਗਿਆ ਸੀ। ਕੈਂਸਰ ਦੀ ਬਿਮਾਰੀ ਅੱਜ ਕੇਵਲ ਭਾਰਤ ਵਿਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਕੈਂਸਰ ਦੀ ਬਿਮਾਰੀ ਸੱਭ ਜ਼ਿਆਦਾ ਬ੍ਰਿਟੇਨ ਵਿਚ ਫੈਲ ਰਹੀ ਹੈ। ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਕੈਂਸਰ ਦੇ ਕਈ ਕਾਰਨ ਕਈ ਲੱਖਾਂ ਲੋਕਾਂ ਦੀ ਜਾਨ ਜਾ ਚੁਕੀ ਹੈ। ਸਰਕਾਰ ਨੂੰ ਕੈਂਸਰ ਵਰਗੀ ਭਿਆਨਿਕ ਬਿਮਾਰੀ ਵੱਲ ਹੋਰ ਵੀ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਤੋਂ ਰਾਜਸਥਾਨ ਨੂੰ ਇਕ ਟ੍ਰੇਨ ਜਾਂਦੀ ਹੈ ਜਿਸ ਵਿਚ ਸਿਰਫ ਕੈਂਸਰ ਦੇ ਮਰੀਜ਼ ਹੀ ਜਾਂਦੇ ਹਨ। ਇਸ ਟ੍ਰੇਨ ਨੂੰ 'ਕੈਂਸਰ ਟ੍ਰੇਨ' ਵੀ ਕਿਹਾ ਜਾਣ ਲਗਿਆ ਹੈ। 

ਕੈਂਸਰ ਬਿਮਾਰੀ ਦੇ ਇਕ ਸੋਧ ਅਨੁਸਾਰ ਬ੍ਰਿਟੇਨ ਵਿਚ 48 % ਔਰਤਾਂ ਅਤੇ 54 % ਆਦਮੀ ਕੈਂਸਰ ਦੇ ਸ਼ਿਕਾਰ ਹੋ ਚੁਕੇ ਹਨ। ਇਨ੍ਹਾਂ ਅੰਕੜਿਆਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਬਿਮਾਰੀ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਬਿਮਾਰੀ ਲਈ 1.50 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ' ਤਹਿਤ ਵਿੱਤੀ ਸਾਲ ਦੌਰਾਨ 2017 ਵਿਚ ਜ਼ਿਲੇ ਦੇ 273 ਵਿਅਕਤੀਆਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ 3 ਕਰੋੜ 99 ਲੱਖ 70 ਹਜ਼ਾਰ 300 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। 

ਖ਼ਤਰਨਾਕ ਜ਼ਹਿਰ ਸਾਡੇ ਹਵਾ, ਪਾਣੀ, ਮਿੱਟੀ, ਭੋਜਨ ਨਾਲ ਸਰੀਰ 'ਚ ਲਗਾਤਾਰ ਵਧਦੇ ਜਾ ਰਹੇ ਹਨ ਪਾਣੀ ਪੀਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਫਰੀਜ਼ਰ ਵਿਚ ਠੰਡਿਆਂ ਕਰਨ ਨਾਲ ਬਹੁਤ ਸਾਰਾ ਡਾਉਕਸਨ ਪਾਣੀ ਵਿਚ ਰਲ ਜਾਂਦਾ ਹੈ। ਖਾਣ ਵਾਲੀਆਂ ਚੀਜ਼ਾਂ ਨੂੰ ਖਾਸ ਕਰ ਕੇ ਫੈਟ ਪਲਾਸਟਿਕ ਦੇ ਕੰਨਟੇਨਰ ਵਿਚ ਰੱਖ ਕੇ ਮਾਈਕਰੋਵੇਵ ਵਿਚ ਗਰਮ ਨਾ ਕਰੋ ਕਿਉਂਕਿ ਫੈਟਸ ਤੇ ਪਲਾਸਟਿਕ ਗਰਮ ਹੋ ਕੇ ਬਹੁਤ ਸਾਰੇ ਡਾਉਕਸਨ ਖਾਣੇ ਵਿਚ ਰਲਾ ਦੇਂਦੇ ਹਨ ਜੋ ਕਿ ਫਿਰ ਸਾਡੇ ਸ਼ਰੀਰ ਵਿਚ ਦਾਖਲ ਹੋ ਜਾਂਦੇ ਹਨ। ਇਸ ਲਈ ਸਾਨੂੰ ਸ਼ੀਸ਼ੇ ਜਾਂ ਸਿਰੇਮਿਕ (ceramic) ਦੇ ਬਰਤਨ ਵਰਤਨੇ ਚਾਹੀਦੇ ਹਨ। 

ਭਾਵੇ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸਾਲ ਜਨਵਰੀ 2017 ਤੋਂ ਫਰਵਰੀ 2018 ਤੱਕ ਜ਼ਿਲ੍ਹੇ ਦੇ 394 ਮਰੀਜ਼ਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ 5 ਕਰੋੜ 3 ਲੱਖ 70 ਹਜ਼ਾਰ 287 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਪਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੁਤਾਬਿਕ ਇਹ ਰਾਸ਼ੀ ਬਹੁਤ ਘੱਟ ਹੈ। ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਨੂੰ ਠੱਲ ਪਾਉਣ ਲਈ 'ਸਪੈਸ਼ਲ ਟਾਸ੍ਕ ਫੋਰਸ' ਦਾ ਗਠਨ ਕੀਤਾ ਹੈ ਇਸੇ ਤਰ੍ਹਾਂ ਕੈਂਸਰ ਦੇ ਮਰੀਜ਼ਾਂ ਨੂੰ ਢੁਕਵਾਂ ਇਲਾਜ਼ ਤੇ ਰਾਹਤ ਦੇਣ ਲਈ ਵਿਸ਼ੇਸ਼ ਟੀਮ ਬਣਾਉਣੀ ਚਾਹੀਦੀ ਹੈ। ਸਰਕਾਰ ਨੂੰ ਇਸ ਬਿਮਾਰੀ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਇਸ ਨਾ ਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ।