ਪ੍ਰਧਾਨ ਮੰਤਰੀ ਦੀ ਟਿਪਣੀ ਨੂੰ ਰਾਜ ਸਭਾ ਦੇ ਰੀਕਾਰਡ 'ਚੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਲਈ ਅੱਜ ਉਸ ਸਮੇਂ ਸ਼ਰਮਿੰਦਗੀ ਵਾਲੇ ਹਾਲਾਤ ਪੈਦਾ ਹੋ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਨੂੰ ਰਾਜ ਸਭਾ ਦੇ ਰੀਕਾਰਡ 'ਚੋਂ ਹਟਾਉਣ..............

Narendra Modi

ਨਵੀਂ ਦਿੱਲੀ : ਸਰਕਾਰ ਲਈ ਅੱਜ ਉਸ ਸਮੇਂ ਸ਼ਰਮਿੰਦਗੀ ਵਾਲੇ ਹਾਲਾਤ ਪੈਦਾ ਹੋ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਨੂੰ ਰਾਜ ਸਭਾ ਦੇ ਰੀਕਾਰਡ 'ਚੋਂ ਹਟਾਉਣ ਦਾ ਹੁਕਮ ਦਿਤਾ ਗਿਆ। ਪ੍ਰਧਾਨ ਮੰਤਰੀ ਦੀ ਟਿਪਣੀ ਕੱਟਣ ਵਾਲੇ ਵਿਰਲੇ ਮਾਮਲੇ ਹੀ ਸਾਹਮਣੇ ਆਏ ਹਨ। ਕਲ ਸਰਕਾਰ ਦੇ ਉਮੀਦਵਾਰ ਹਰੀਵੰਸ਼ ਵਲੋਂ ਰਾਜ ਸਭਾ ਦੇ ਉਪ-ਚੇਅਰਪਰਸਨ ਦੀ ਚੋਣ 'ਚ ਕਾਂਗਰਸੀ ਉਮੀਦਵਾਰ ਹਰੀਪ੍ਰਸਾਦ ਨੂੰ ਹਰਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਨੇ ਅਪਣੇ ਧਨਵਾਦੀ ਭਾਸ਼ਨ 'ਚ ਕਿਹਾ ਸੀ ਕਿ ਚੋਣ 'ਦੋ ਹਰੀਆਂ' ਵਿਚਕਾਰ ਸੀ।

ਇਸ ਤੋਂ ਬਾਅਦ ਉਨ੍ਹਾਂ ਹਰੀਪ੍ਰਸਾਦ ਦਾ ਨਾਂ ਲੈਂਦਿਆਂ ਕਈ ਵਾਰੀ ਮਜ਼ਾਕੀਆ ਢੰਗ ਨਾਲ ਟਿਪਣੀਆਂ ਕੀਤੀਆਂ, ਜਿਸ 'ਤੇ ਕਾਂਗਰਸ ਮੈਂਬਰਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਸ ਤੋਂ ਤੁਰਤ ਬਾਅਦ ਮੋਦੀ ਨੇ ਲੋਕਤੰਤਰ ਦੇ ਮਾਣ ਲਈ ਅਪਣਾ ਪੂਰਾ ਜ਼ੋਰ ਲਾਉਣ ਲਈ ਹਰੀਪ੍ਰਸਾਦ ਦੀ ਤਾਰੀਫ਼ ਵੀ ਕੀਤੀ। ਇਕ ਪਾਸੇ ਭਾਜਪਾ ਆਗੂਆਂ ਨੇ ਇਸ ਨੂੰ ਰਾਜ ਸਭਾ ਚੇਅਰਮੈਨ ਵੈਂਕਈਆ ਨਾਇਡੂ ਦੇ ਨਿਰਪੱਖ ਹੋਣ ਦਾ ਸਬੂਤ ਦਸਿਆ ਹੈ, ਉਥੇ ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸ਼ਬਦਾਂ ਦੀ ਚੋਣ ਮੰਦਭਾਗੀ ਸੀ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਦੇਸ਼ ਲਈ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ।

ਪ੍ਰਧਾਨ ਮੰਤਰੀ ਖ਼ੁਦ ਸੰਸਦ ਅੰਦਰ ਗ਼ੈਰਸੰਸਦੀ ਭਾਸ਼ਾ ਵਰਤ ਰਹੇ ਹਨ।'' ਉਨ੍ਹਾਂ ਕਿਹਾ ਕਿ ਕੁੱਝ ਹੱਦਾਂ ਹਨ ਜਿਨ੍ਹਾਂ ਨੂੰ ਨਹੀਂ ਲੰਘਿਆ ਜਾਣਾ ਚਾਹੀਦਾ ਪਰ ਪ੍ਰਧਾਨ ਮੰਤਰੀ ਨੇ ਅਜਿਹਾ ਕੀਤਾ ਹੈ। ਭਾਵੇਂ ਪ੍ਰਧਾਨ ਮੰਤਰੀ ਦੀ ਟਿਪਣੀ ਸੰਸਦ ਦੇ ਰੀਕਾਰਡ 'ਚੋਂ ਕਟਿਆ ਜਾਣਾ ਬਹੁਤ ਵਿਰਲਾ ਮਾਮਲਾ ਹੈ ਪਰ ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ। 2013 'ਚ ਸੰਸਦ 'ਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਰੁਣ ਜੇਤਲੀ ਨਾਲ ਤਿੱਖੀ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਦੋਹਾਂ ਦੇ ਕੁੱਝ ਸ਼ਬਦ ਕਾਰਵਾਈ 'ਚੋਂ ਕੱਢ ਦਿਤੇ ਗਏ।  (ਏਜੰਸੀਆਂ)