ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਸੰਸਦੀ ਕਮੇਟੀ ਨੇ ਅੱਜ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਇਮਰਾਨ ਖ਼ਾਨ ਨੂੰ ਅਧਿਕਾਰਕ ਤੌਰ...........

Imran Khan

ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਸੰਸਦੀ ਕਮੇਟੀ ਨੇ ਅੱਜ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਇਮਰਾਨ ਖ਼ਾਨ ਨੂੰ ਅਧਿਕਾਰਕ ਤੌਰ 'ਤੇ ਨਾਮਜ਼ਦ ਕਰ ਦਿਤਾ ਹੈ। ਕ੍ਰਿਕਟਰ ਤੋਂ ਨੇਤਾ ਬਣੇ 65 ਸਾਲਾ ਇਮਰਾਨ ਖ਼ਾਨ ਦੀ ਪਾਰਟੀ 25 ਜੁਲਾਈ ਨੂੰ ਹੋਈ ਚੋਣ 'ਚ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਇਥੇ ਇਕ ਹੋਟਲ 'ਚ ਹੋਈ ਪੀ.ਟੀ.ਆਈ. ਦੀ ਸੰਸਦੀ ਕਮੇਟੀ ਦੀ ਬੈਠਕ 'ਚ ਇਮਰਾਨ ਖ਼ਾਨ ਨੂੰ ਚੁਣਿਆ ਗਿਆ। ਬੈਠਕ 'ਚ ਕੁੱਝ ਮੁੱਖ ਆਗੂ ਸ਼ਾਹ ਮਹਿਮੂਦ ਕੁਰੈਸ਼ੀ, ਅਸਦ ਉਮਰ, ਪਰਵੇਜ਼ ਖਟਕ, ਚੌਧਰੀ ਸਰਵਰ, ਫਵਾਦ ਚੌਧਰੀ, ਆਰਿਫ਼ ਅਲਵੀ ਅਤੇ ਸ਼ਫ਼ਕਤ ਮਹਿਮੂਦ ਸਮੇਤ

ਪੀ.ਟੀ.ਆਈ. ਦੇ ਨਵੇਂ ਚੁਣੇ ਮੈਂਬਰ ਸ਼ਾਮਲ ਹੋਏ। ਬੈਠਕ ਸ਼ੁਰੂ ਹੋਣ 'ਤੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਪਾਰਟੀ ਨੇਤਾਵਾਂ ਨੇ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ। ਪੀ.ਟੀ.ਆਈ. ਸੰਸਦੀ ਕਮੇਟੀ ਦੇ ਸਾਰੇ 120 ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਅਹੁਦੇ ਲਈ ਇਮਰਾਨ ਨੂੰ ਨਾਮਜ਼ਦ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬੈਠਕ 'ਚ ਮੌਜੂਦ ਨੇਤਾਵਾਂ ਨੇ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ ਵਧਾਈ ਦਿਤੀ।

ਇਮਰਾਨ ਖ਼ਾਨ ਨੇ ਅਪਣੀ ਚੋਣ ਤੋਂ ਬਾਅਦ ਮੈਂਬਰਾਂ ਦਾ ਧਨਵਾਦ ਕੀਤਾ। ਸੂਤਰਾਂ ਮੁਤਾਬਕ ਪੀ.ਟੀ.ਆਈ. ਨੈਸ਼ਨਲ ਅਸੈਂਬਲੀ ਦੇ ਸਪੀਕਰ ਅਹੁਦੇ ਲਈ ਅਪਣੇ ਸੀਨੀਅਰ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਂ ਨੂੰ ਅੱਗੇ ਕਰੇਗੀ।  ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਸਮਾਗਮ 14 ਅਗੱਸਤ ਨੂੰ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਹੋ ਸਕਦਾ ਹੈ। (ਪੀਟੀਆਈ)