ਕਸ਼ਮੀਰ 'ਚ ਪੈਲੇਟ ਗਨ ਨਾਲ ਜ਼ਖ਼ਮੀ ਹੋਇਆ 17 ਸਾਲਾ ਲੜਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਲੇਟ ਗਨ ਦੀਆਂ 90 ਗੋਲੀਆਂ ਲੱਗੀਆਂ 

Akeel Dar

ਸ੍ਰੀਨਗਰ : ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ-370 ਅਤੇ 35ਏ ਖ਼ਤਮ ਕੀਤੇ ਜਾਣ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਾਟੀ 'ਚ ਪੂਰੀ ਸ਼ਾਂਤੀ ਹੈ। ਪਿਛਲੇ ਇਕ ਹਫ਼ਤੇ ਤੋਂ ਜੰਮੂ-ਕਸ਼ਮੀਰ 'ਚ ਇੰਟਰਨੈਟ, ਫ਼ੋਨ ਆਦਿ ਸੇਵਾਵਾਂ ਬੰਦ ਹਨ ਅਤੇ ਧਾਰਾ 144 ਲੱਗੀ ਹੋਈ ਹੈ, ਜਿਸ ਕਾਰਨ ਉਥੋਂ ਦੇ ਹਾਲਾਤ ਬਾਰੇ ਬਾਕੀ ਦੇਸ਼ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਪਾ ਰਹੀ ਹੈ। ਬੀਤੇ ਤਿੰਨ ਦਿਨਾਂ ਤੋਂ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰਿ ਸਿੰਘ ਹਸਪਤਾਲ 'ਚ ਲਗਭਗ 21 ਨੌਜਵਾਨਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। 

ਜੰਮੂ-ਕਸ਼ਮੀਰ ਦੀ ਵੰਡ ਮਗਰੋਂ ਹੋਈ ਹਿੰਸਾ ਕਾਰਨ ਹਸਪਤਾਲ ਦੇ ਓਪਥਾਮੋਲੋਜ਼ੀ ਵਾਰਡ 'ਚ ਦਾਖ਼ਲ ਹੋਣ ਵਾਲਾ 17 ਸਾਲਾ ਅਕੀਲ ਡਾਰ ਪਹਿਲਾ ਸ਼ਖ਼ਸ ਹੈ। ਉਸ ਦੀ ਸੱਜੀ ਅੱਖ 'ਚ 9 ਅਤੇ ਖੱਬੀ ਅੱਖ 'ਚ 4 ਪੈਲੇਟ ਗਨ ਦੀਆਂ ਗੋਲੀਆਂ ਲੱਗੀਆਂ ਹਨ। ਇੰਨੀਆਂ ਗੋਲੀਆਂ ਲੱਗਣ ਕਾਰਨ ਅਕੀਲ ਦਾ ਚਿਹਰਾ ਬੁਰੀ ਤਰ੍ਹਾਂ ਸੁੱਜ ਗਿਆ ਹੈ। ਇਸ ਹਮਲੇ 'ਚ ਅਕੀਲ ਨੂੰ ਸੱਜੀ ਅੱਖ ਤੋਂ ਦਿਸਣਾ ਬੰਦ ਹੋ ਗਿਆ ਹੈ ਅਤੇ ਖੱਬੀ ਅੱਖ ਤੋਂ ਧੁੰਜਲਾ ਨਜ਼ਰ ਆ ਰਿਹਾ ਹੈ।

ਅਕੀਲ ਅਤੇ ਉਸ ਦੇ 50 ਸਾਲਾ ਪਿਤਾ ਗੁਲਾਮ ਮੁਹੰਮਦ ਡਾਰ ਮਜ਼ਦੂਰੀ ਕਰਦੇ ਹਨ। ਜੰਮੂ-ਕਸ਼ਮੀਰ ਦੀ ਵੰਡ ਤੋਂ ਇਕ ਦਿਨ ਪਹਿਲਾਂ ਹੀ ਘਾਟੀ 'ਚ ਇੰਟਰਨੈਟ ਅਤੇ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਅਕੀਲ ਨੇ ਦੱਸਿਆ, "ਅਸੀਂ ਸਾਰੇ ਘਰ 'ਚ ਬੈਠ ਕੇ ਟੀਵੀ ਵੇਖ ਰਹੇ ਸਨ। ਅਸੀਂ ਜਾਨਣਾ ਚਾਹੁੰਦੇ ਸੀ ਕਿ ਕਸ਼ਮੀਰ 'ਚ ਕਰਫਿਊ ਕਿਉਂ ਲਗਾਇਆ ਗਿਆ ਹੈ। ਸਾਨੂੰ ਲੱਗ ਰਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਛੇਤੀ ਹੀ ਜੰਗ ਲੱਗ ਸਕਦੀ ਹੈ, ਕਿਉਂਕਿ ਘਾਟੀ ਦੇ ਜ਼ਿਆਦਾਤਰ ਕਾਲਜਾਂ 'ਤੇ ਫ਼ੌਜੀਆਂ ਨੇ ਕਬਜ਼ਾ ਕਰ ਲਿਆ ਸੀ ਅਤੇ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਘਾਟੀ 'ਚ ਵਾਧੂ ਫ਼ੌਜੀ ਤਾਇਨਾਤ ਕੀਤੇ ਗਏ ਸਨ। ਯਾਤਰੀਆਂ ਅਤੇ ਅਮਰਨਾਥ ਸ਼ਰਧਾਲੂਆਂ ਨੂੰ ਛੇਤੀ ਤੋਂ ਛੇਤੀ ਸੂਬੇ 'ਚੋਂ ਬਾਹਰ ਕੱਢਿਆ ਜਾ ਰਿਹਾ ਸੀ।"

ਅਕੀਲ ਨੇ ਦੱਸਿਆ, "ਕੁਝ ਦੇਰ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ 'ਚੋਂ 370 ਅਤੇ 35 ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਕਸ਼ਮੀਰ ਨੂੰ ਦੋ ਹਿੱਸਿਆਂ 'ਚ ਵੰਡਣ ਬਾਰੇ ਦੱਸਿਆ।ਇਸ ਐਲਾਨ ਦੇ ਕੁਝ ਦੇਰ ਬਾਅਦ ਇਲਾਕੇ 'ਚ ਭਾਜਪਾ ਸਰਕਾਰ ਦੇ ਵਿਰੁੱਧ ਨਾਹਰੇਬਾਜ਼ੀ ਸ਼ੁਰੂ ਗੋ ਹਈ। ਨਾਹਰੇਬਾਜ਼ੀ ਦੀ ਆਵਾਜ਼ ਤੇਜ਼ ਹੋ ਗਈ ਅਤੇ ਫ਼ੌਜੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ। ਮੈਂ ਇਹ ਵੇਖਣ ਲਈ ਆਪਣੇ ਘਰ ਤੋਂ ਬਾਹਰ ਆ ਕੇ ਖੜਾ ਹੋ ਗਿਆ। ਮੈਂ ਆਪਣੇ ਘਰ ਤੋਂ ਨਿਕਲ ਕੇ ਗਲੀ ਦੇ ਸਿਰੇ ਤਕ ਚਲਾ ਗਿਆ। ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦਾ, ਇੰਨੇ 'ਚ ਇਕ ਸੀਆਰਪੀਐਫ ਜਵਾਨ ਨੇ ਮੈਨੂੰ ਨਿਸ਼ਾਨਾ ਲਗਾਉਣ ਲਈ ਬੰਦੂਕ ਮੇਰੇ ਵੱਲ ਕਰ ਦਿੱਤੀ। ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮੇਰੇ ਮੂੰਹ 'ਤੇ ਲੱਗੀਆਂ। ਮੈਂ ਦਰਦ ਨਾਲ ਤੜਪਦਾ ਹੋਇਆ ਹੇਠਾਂ ਡਿੱਗ ਗਿਆ।"

ਅਕੀਲ ਦੇ ਪਰਵਾਰ ਅਤੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਅਕੀਲ ਨੇ ਦੱਸਿਆ, "ਮੈਂ ਐਕਸਰੇ ਰੂਮ 'ਚ ਲਿਜਾਇਆ ਗਿਆ। ਮੈਂ ਸੋਚਿਆ ਸ਼ਾਇਦ ਵੇਖਣਾ ਚਾਹੁੰਦੇ ਹਨ ਕਿ ਮੇਰੀਆਂ ਕਿੰਨੀਆਂ ਹੱਡੀਆਂ ਟੁੱਟੀਆਂ ਹਨ ਪਰ ਡਾਕਟਰ ਜਾਣਨਾ ਚਾਹੁੰਦੇ ਸਨ ਕਿ ਮੇਰੇ ਸਰੀਰ 'ਚ ਕਿੱਥੇ-ਕਿੱਥੇ ਪੈਲੇਟ ਗੋਲੀਆਂ ਲੱਗੀਆਂ ਹਨ।"

ਅਕੀਲ ਨੂੰ ਕੁਲ 90 ਪੈਲੇਟ ਗੋਲੀਆਂ ਲੱਗੀਆਂ ਸਨ। ਜ਼ਿਆਦਾਤਰ ਸਰੀਰ ਦੇ ਉੱਪਰੀ ਹਿੱਸੇ 'ਚ ਲੱਗੀਆਂ। ਕੁਝ ਘੰਟੇ ਮਗਰੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਉਸ ਦੀ ਅੱਖ 'ਚ ਲੱਗੀਆਂ ਗੋਲੀਆਂ ਕੱਢੀਆਂ ਗਈਆਂ। ਇਸ ਮਗਰੋਂ ਉਸ ਨੂੰ ਵਾਰਡ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਉਸ ਦੀ ਅੱਖ 'ਚ ਕਾਫ਼ੀ ਸੋਜ਼ਸ਼ ਵੱਧ ਗਈ ਹੈ, ਜਿਸ ਦਾ 15 ਅਗਸਤ ਦੇ ਨੇੜੇ ਆਪ੍ਰੇਸ਼ਨ ਹੋਵੇਗਾ। 

ਜ਼ਿਕਰਯੋਗ ਹੈ ਕਿ ਅਕੀਲ ਨੇ ਸਾਲ 2017 'ਚ 12ਵੀਂ ਜਮਾਤ ਪਾਸ ਕੀਤੀ ਸੀ। ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਉਹ 9000 ਰੁਪਏ ਮਹੀਨਾ ਕਮਾਉਂਦਾ ਹੈ ਅਤੇ ਆਪਣੀ ਸਾਰੀ ਕਮਾਈ ਮਾਂ ਨੂੰ ਘਰ ਦਾ ਖ਼ਰਚਾ ਚਲਾਉਣ ਲਈ ਦਿੰਦਾ ਸੀ। ਇਸ ਸਮੇਂ ਅਕੀਲ ਦੀ ਅਜਿਹੀ ਹਾਲਤ ਲਈ ਜ਼ਿੰਮੇਵਾਰ ਹੈ ਧਾਰਾ 35 ਏ ਅਤੇ 370 ਨੂੰ ਰੱਦ ਕਰਨਾ।