ਸਿੱਖਾਂ ਨੇ 34 ਕਸ਼ਮੀਰੀ ਕੁੜੀਆਂ ਨੂੰ ਸੁਰੱਖਿਅਤ ਘਰ ਪਹੁੰਚਾਇਆ
ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਪ੍ਰਤੀ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਪ੍ਰਤੀ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪੜ੍ਹਨ ਲਈ ਆਈਆਂ ਕਸ਼ਮੀਰੀ ਲੜਕੀਆਂ ਵਿਚ ਡਰ ਅਤੇ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਸ਼ਮੀਰ ਵਿਚ ਉਨ੍ਹਾਂ ਦੇ ਮਾਪੇ ਵੀ ਡਰੇ ਹੋਏ ਹਨ ਕਿ ਕਿਤੇ ਉਨ੍ਹਾਂ ਦੀਆਂ ਬੱਚੀਆਂ ਨਾਲ ਕੋਈ ਗ਼ਲਤ ਹਰਕਤ ਨਾ ਹੋ ਜਾਵੇ।
ਪਰ ਹੁਣ ਸਿੱਖਾਂ ਨੇ ਕਸ਼ਮੀਰੀ ਮਾਪਿਆਂ ਦੀ ਇਹ ਚਿੰਤਾ ਦੂਰ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਪੜ੍ਹਨ ਲਈ ਆਈਆਂ 34 ਕਸ਼ਮੀਰੀ ਬੱਚੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਾਇਆ ਗਿਆ ਹੈ। ਦਿੱਲੀ ਤੋਂ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਮਹਾਰਾਸ਼ਟਰ ਵਿਚ ਫਸੀਆਂ 34 ਕਸ਼ਮੀਰੀ ਲੜਕੀਆਂ ਦੀ ਮਦਦ ਲਈ ਜਹਾਜ਼ ਦੇ ਟਿਕਟ ਖ਼ਰੀਦਣ ਲਈ 4 ਲੱਖ ਰੁਪਏ ਦਾਨ ਵਿਚ ਇਕੱਠੇ ਕੀਤੇ ਅਤੇ ਅਪਣੇ 3 ਹੋਰ ਸਿੱਖ ਸਾਥੀਆਂ ਦੇ ਨਾਲ ਬੱਚੀਆਂ ਨੂੰ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਆ ਪਹੁੰਚਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਸਮੇਂ ਵੀ ਦੇਸ਼ ਭਰ ਵਿਚ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਉਸ ਦੌਰਾਨ ਵੀ ਸਿੱਖਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਸ਼ਮੀਰ ਪਹੁੰਚਾਇਆ ਗਿਆ ਸੀ। ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਖ ਜਿਉਂਦੇ ਹਨ ਉਦੋਂ ਤਕ ਕਸ਼ਮੀਰੀ ਬੱਚੀਆਂ ਵੱਲ ਕੋਈ ਗ਼ਲਤ ਨਜ਼ਰ ਨਾਲ ਨਹੀਂ ਵੇਖ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।