100 ਦਿਨਾਂ ਤੱਕ ਹੋਟਲ ਵਿਚ ਕੀਤੀ ਐਸ਼, 12 ਲੱਖ ਬਿੱਲ ਆਉਣ ‘ਤੇ ਹੋਇਆ ਫਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਦੇ ਇਕ ਸਿਤਾਰਾ ਹੋਟਲ ਵਿਚ ਇਕ ਵਿਅਕਤੀ 100 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਿਹਾ ਅਤੇ ਕਥਿਤ ਤੌਰ ‘ਤੇ  12.34 ਲੱਖ ਰੁਪਏ ਦਾ ਬਿੱਲ ਆਉਣ ‘ਤੇ ਫਰਾਰ ਹੋ ਗਿਆ ਹੈ।

Hotel Taj Banjara, Hyderabad

ਨਵੀਂ ਦਿੱਲੀ: ਹੈਦਰਾਬਾਦ ਦੇ ਇਕ ਸਿਤਾਰਾ ਹੋਟਲ ਵਿਚ ਇਕ ਵਿਅਕਤੀ 100 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਿਹਾ ਅਤੇ ਕਥਿਤ ਤੌਰ ‘ਤੇ  12.34 ਲੱਖ ਰੁਪਏ ਦਾ ਬਿੱਲ ਆਉਣ ‘ਤੇ ਫਰਾਰ ਹੋ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਤਾਜ ਬੰਜਾਰਾ ਹੋਟਲ ਦੇ ਪ੍ਰਬੰਧਕਾਂ ਵੱਲੋਂ ਦਰਜ ਕਰਵਾਈ ਇਕ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਏ ਸ਼ੰਕਰ ਨਰਾਇਣ ਵਿਰੁੱਧ ਧੋਖਾਧੜੀ ਅਤੇ ਅਪਰਾਧਿਕ ਧੋਖੇ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਵਿਸ਼ਾਖਾਪਟਨਮ ਦਾ ਵਪਾਰੀ ਦੱਸਿਆ ਜਾ ਰਿਹਾ ਹੈ।

ਹੋਟਲ ਪ੍ਰਬੰਧਕਾਂ ਮੁਤਾਬਕ ਇਹ ਵਿਅਕਤੀ ਲਗਜ਼ਰੀ ਸੁਈਟ ਵਿਚ 102 ਦਿਨਾਂ ਤੱਕ ਰੁਕਿਆ ਸੀ। ਉਸ ਦਾ 100 ਦਿਨ ਦਾ ਬਿੱਲ 25.96 ਲੱਖ ਰੁਪਏ ਦਾ ਬਣਿਆ। ਉਸ ਨੇ 13.62 ਲੱਖ ਰੁਪਏ ਦਾ ਭੁਗਤਾਨ ਕੀਤਾ ਅਤੇ ਇਸ ਸਾਲ ਅਪ੍ਰੈਲ ਵਿਚ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਹੋਟਲ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਹੋਟਲ ਪ੍ਰਬੰਧਕਾਂ ਨੇ ਉਸ ਵਿਅਕਤੀ ਨੂੰ ਫੋਨ ਕੀਤਾ। ਉਸ ਨੇ ਵਾਅਦਾ ਕੀਤਾ ਕਿ ਉਹ ਪੂਰਾ ਬਿੱਲ ਭਰੇਗਾ। ਬਾਅਦ ਵਿਚ ਉਸ ਨੇ ਅਪਣਾ ਫੋਨ ਨੰਬਰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹੋਟਲ ਸਟਾਫ਼ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ।

ਪੁਲਿਸ ਸਬ ਇੰਸਪੈਕਟਰ ਪੀ ਰਵੀ ਨੇ ਕਿਹਾ ਕਿ ਹੋਟਲ ਦੀ ਸ਼ਿਕਾਇਤ ‘ਤੇ ਉਹਨਾਂ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀ ਨਾਰਾਇਣ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਹੈ ਕਿ ਉਹ ਹੋਟਲ ਵਿਚ ਪੂਰਾ ਭੁਗਤਾਨ ਕਰਕੇ ਉੱਥੋਂ ਆਇਆ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਹੋਟਲ ਵਿਰੁੱਧ ਕਾਨੂੰਨੀ ਕਾਰਵਾਈ ਕਰਨ ‘ਤੇ ਵਿਚਾਰ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।