ਮੋਦੀ ਸਰਕਾਰ ਨੇ ਵਿਰੋਧੀ ਧਿਰ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਬਿੱਲ ਅੰਨ੍ਹੇਵਾਹ ਪਾਸ ਕੀਤੇ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਅਜਿਹੀ ਸਰਕਾਰ ਸਾਡੇ ਦੇਸ਼ ਅਤੇ ਲੋਕਤੰਤਰ ਲਈ ਖਤਰਾ ਬਣ ਰਹੀ ਹੈ।

Adhir Ranjan Chowdhury

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ (Monsoon Session) ਲਈ ਲੋਕ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਬਾਅਦ, ਕਾਂਗਰਸ (Congress) ਨੇ ਸਰਕਾਰ 'ਤੇ ਮਨਮਾਨੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ, ਇਸ ਨੇ ਪੈਗਾਸਸ ਮੁੱਦੇ ਸਮੇਤ ਕਈ ਮੁੱਦਿਆਂ' ’ਤੇ ਚਰਚਾ ਕਰਨ ਦੀ  ਵਿਰੋਧੀ ਧਿਰ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਬਿਲ ਨੂੰ ਅੰਨ੍ਹੇਵਾਹ ਪਾਸ ਕੀਤਾ ਹੈ।

ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ (Adhir Ranjan Chowdhury) ਨੇ ਇਹ ਵੀ ਦਾਅਵਾ ਕੀਤਾ ਕਿ ਇਹ ਸਰਕਾਰ ਲੋਕਤੰਤਰ ਅਤੇ ਦੇਸ਼ ਲਈ ਖਤਰਾ ਬਣ ਰਹੀ ਹੈ ਕਿਉਂਕਿ ਇਹ ਖੁਦ ਫੈਸਲਾ ਕਰਦੀ ਹੈ ਕਿ ਵਿਰੋਧੀ ਧਿਰ ਦਾ ਕਿਹੜਾ ਮੁੱਦਾ ਸਹੀ ਹੈ ਜਾਂ ਗਲਤ। ਪੈਗਾਸਸ ਜਾਸੂਸੀ (Pegasus Spyware) ਕੇਸ, ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ’ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਪੂਰਾ ਸੈਸ਼ਨ ਪ੍ਰਭਾਵਿਤ ਹੋ ਗਿਆ ਅਤੇ ਸਿਰਫ 22 ਫੀਸਦੀ ਕੰਮ ਹੋਇਆ ਹੈ।

ਹੋਰ ਪੜ੍ਹੋ: ਨਵਜੋਤ ਸਿੱਧੂ ਵੱਲੋਂ 4 ਸਲਾਹਕਾਰਾਂ ਦੀ ਨਿਯੁਕਤੀ, ਸਾਬਕਾ DGP ਤੇ ਲੋਕ ਸਭਾ ਮੈਂਬਰ ਵੀ ਸ਼ਾਮਿਲ    

ਬੁੱਧਵਾਰ ਨੂੰ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਚੈਂਬਰ ਵਿਚ ਕਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ, ਜਿਸ ਵਿਚ ਪੈਗਾਸਸ ਮੁੱਦੇ, ਕਿਸਾਨਾਂ ਦੇ ਅੰਦੋਲਨ ਅਤੇ ਕੁਝ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਲੋਕ ਸਭਾ ਦੇ ਮਾਨਸੂਨ ਸੈਸ਼ਨ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਚੌਧਰੀ ਨੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਪਹਿਲਾਂ ਕਿਹਾ ਗਿਆ ਸੀ ਕਿ ਸਦਨ 13 ਅਗਸਤ ਤੱਕ ਜਾਰੀ ਰਹੇਗਾ।” ਸਰਕਾਰ ਨੇ ਅਚਾਨਕ ਫੈਸਲਾ ਕਰ ਲਿਆ ਕਿ ਸਦਨ ਨੂੰ ਚਲਾਉਣ ਦੀ ਕੋਈ ਲੋੜ ਨਹੀਂ ਹੈ।”

ਕਾਂਗਰਸੀ ਆਗੂ ਨੇ ਕਿਹਾ, “ਸਾਡੀ ਮੰਗ ਸੀ ਕਿ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ। ਜਦੋਂ ਪੈਗਾਸਸ ਦਾ ਮੁੱਦਾ ਸਾਹਮਣੇ ਆਇਆ, ਅਸੀਂ ਸਰਕਾਰ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪੈਗਾਸਸ ਕੋਈ ਛੋਟਾ ਮੁੱਦਾ ਨਹੀਂ ਹੈ, ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਪਰ ਸਰਕਾਰ ਨੇ ਇਸ ਮਾਮਲੇ 'ਤੇ ਚਰਚਾ ਕਰਨ ਦਾ ਮੌਕਾ ਨਹੀਂ ਦਿੱਤਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਰਕਾਰ ਨੂੰ ਸਾਡੀ ਮੰਗ ਮੰਨਣੀ ਚਾਹੀਦੀ ਸੀ। ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਚੌਧਰੀ ਨੇ ਕਿਹਾ, ''ਸਦਨ 'ਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਵਿਰੋਧੀ ਧਿਰ ਦਾ ਫਰਜ਼ ਹੈ। ਅਸੀਂ ਆਪਣਾ ਫਰਜ਼ ਨਿਭਾਇਆ ਹੈ।” 

ਹੋਰ ਪੜ੍ਹੋ: ਵੋਟ ਬੈਂਕ ਵਜੋਂ ਵਰਤ ਕੇ ਦਲਿਤਾਂ-ਗ਼ਰੀਬਾਂ ਨੂੰ ਧੋਖਾ ਦੇਣ 'ਚ ਮਾਹਰ ਕਾਂਗਰਸ, ਬਾਦਲ ਤੇ BJP: ਮਾਨ

ਉਨ੍ਹਾਂ ਦਾਅਵਾ ਕੀਤਾ, “ਅੱਜ ਪ੍ਰਧਾਨ ਮੰਤਰੀ ਨੂੰ ਸਦਨ ਵਿਚ ਪਹਿਲੀ ਵਾਰ ਦੇਖਿਆ। ਜਦੋਂ ਸਭ ਕੁਝ ਖਤਮ ਹੋ ਗਿਆ, ਪ੍ਰਧਾਨ ਮੰਤਰੀ ਸਦਨ ਵਿਚ ਆਏ। ਇਸਦਾ ਮਤਲਬ ਇਹ ਹੈ ਕਿ ਸਰਕਾਰ ਸਦਨ ਚਲਾਉਣ ਵਿਚ ਦਿਲਚਸਪੀ ਨਹੀਂ ਲੈ ਰਹੀ ਸੀ। ਸਰਕਾਰ ਦੀ ਦਿਲਚਸਪੀ ਬਿੱਲਾਂ ਨੂੰ ਜਲਦ ਪਾਸ ਕਰਵਾਉਣ ਵਿਚ ਸੀ। ਬਿੱਲ ਅੰਨ੍ਹੇਵਾਹ ਪਾਸ ਕੀਤੇ ਗਏ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਅਜਿਹੀ ਸਰਕਾਰ ਸਾਡੇ ਦੇਸ਼ ਅਤੇ ਲੋਕਤੰਤਰ ਲਈ ਖਤਰਾ ਬਣ ਰਹੀ ਹੈ।