ਅਧਿਆਪਕ ਭਰਤੀ ਘੁਟਾਲੇ ਵਿਚ ਈਡੀ ਦੀ ਕਾਰਵਾਈ, ਤ੍ਰਿਣਮੂਲ ਕਾਂਗਰਸ ਦਾ ਵਿਧਾਇਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ''ਭਟਾਚਾਰੀਆ ਨੂੰ ਪੁੱਛਗਿੱਛ ਦੌਰਾਨ ਜਾਂਚਕਰਤਾਵਾਂ ਨੂੰ ਸਹਿਯੋਗ ਨਾ ਦੇਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ।

ED arrests TMC MLA Manik Bhattacharya in Bengal education scam

 

ਕੋਲਕਾਤਾ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ਵਿਚ ਮੰਗਲਵਾਰ ਤੜਕੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਾਨਿਕ ਭੱਟਾਚਾਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮਾਨਿਕ ਤੋਂ ਰਾਤ ਭਰ ਪੁੱਛਗਿੱਛ ਕਰਨ ਤੋਂ ਬਾਅਦ ਤੜਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਬੋਰਡ ਆਫ਼ ਐਲੀਮੈਂਟਰੀ ਐਜੂਕੇਸ਼ਨ ਦੇ ਸਾਬਕਾ ਚੇਅਰਮੈਨ ਭੱਟਾਚਾਰੀਆ ਨੂੰ ਕਥਿਤ ਤੌਰ 'ਤੇ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਦੇ ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ''ਭਟਾਚਾਰੀਆ ਨੂੰ ਪੁੱਛਗਿੱਛ ਦੌਰਾਨ ਜਾਂਚਕਰਤਾਵਾਂ ਨੂੰ ਸਹਿਯੋਗ ਨਾ ਦੇਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਦੁਪਹਿਰ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ। ਉਹਨਾਂ ਨੇ ਜਾਂਚਕਰਤਾਵਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।”

ਮਾਨਿਕ ਭੱਟਾਚਾਰੀਆ ਨਾਦੀਆ ਜ਼ਿਲ੍ਹੇ ਦੇ ਪਲਾਸ਼ੀਪਾਰਾ ਦੇ ਵਿਧਾਇਕ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਭੱਟਾਚਾਰੀਆ ਨੂੰ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਸੁਰੱਖਿਆ ਪ੍ਰਦਾਨ ਕੀਤੀ ਸੀ। ਈਡੀ ਕਥਿਤ ਘੁਟਾਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ, ਜਦਕਿ ਸੀਬੀਆਈ ਭਰਤੀ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੱਛਮੀ ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਨੇਤਾ ਪਾਰਥਾ ਚੈਟਰਜੀ ਨੂੰ ਕਥਿਤ ਸਕੂਲ ਸੇਵਾ ਕਮਿਸ਼ਨ ਭਰਤੀ ਘੁਟਾਲੇ ਦੇ ਸਬੰਧ ਵਿਚ ਜੁਲਾਈ ਵਿਚ ਗ੍ਰਿਫ਼ਤਾਰ ਕੀਤਾ ਸੀ।