ਸਟੈਚੂ ਆਫ ਯੂਨਿਟੀ ਦੇਖਣ ਇਕ ਦਿਨ 'ਚ ਪੁੱਜੇ ਰਿਕਾਰਡ 27 ਹਜ਼ਾਰ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਰਫ ਦੱਸ ਦਿਨ ਪਹਿਲਾਂ ਆਮ ਜਨਤਾ ਲਈ ਖੋਲ੍ਹੇ ਗਏ ਇਸ ਵਿਸ਼ਾਲ ਅਤੇ ਸ਼ਾਨਦਾਰ ਸਮਾਰਕ ਨੂੰ ਦੇਖਣ ਲਈ ਇਕ ਦਿਨ ਵਿਚ ਹੀ 27,000 ਸੈਲਾਨੀ ਪਹੁੰਚੇ।

Statue of Unity

ਗੁਜਰਾਤ, ( ਪੀਟੀਆਈ ) : ਗੁਜਰਾਤ ਦੇ ਨਰਮਦਾ ਜ਼ਿਲ਼੍ਹੇ ਵਿਚ ਸਰਦਾਰ ਵਲੱਲਭ ਭਾਈ ਪਟੇਲ ਦੇ ਸਟੈਚੂ ਆਫ ਯੂਨਿਟੀ ਨੂੰ ਦੇਖਣ ਲਈ ਬੀਤੇ ਦਿਨ ਸੈਲਾਨੀਆਂ ਦੇ ਪੁੱਜਣ ਦੇ ਸਾਰੇ ਰਿਕਾਰਡ ਟੁੱਟ ਗਏ। ਸਿਰਫ ਦੱਸ ਦਿਨ ਪਹਿਲਾਂ ਆਮ ਜਨਤਾ ਲਈ ਖੋਲ੍ਹੇ ਗਏ ਇਸ ਵਿਸ਼ਾਲ ਅਤੇ ਸ਼ਾਨਦਾਰ ਸਮਾਰਕ ਨੂੰ ਦੇਖਣ ਲਈ ਇਕ ਦਿਨ ਵਿਚ ਹੀ 27,000 ਸੈਲਾਨੀ ਪਹੁੰਚੇ। ਜ਼ਿਕਰਯੋਗ ਹੈ ਕਿ ਕੇਵੜੀਆ ਸਥਿਤ ਸਰਦਾਰ ਸਰੋਵਰ ਡੈਮ ਦੇ ਨੇੜੇ ਬਣੇ 182 ਮੀਟਰ ਉੱਚੇ  ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਨੂੰ ਕੀਤਾ ਸੀ ਅਤੇ ਇਸ ਨੂੰ ਆਮ ਜਨਤਾ ਲਈ 1 ਨਵੰਬਰ ਨੂੰ ਹੀ ਖੋਲ੍ਹਿਆ ਗਿਆ ਹੈ।

ਇਹ ਦੁਨੀਆ ਦਾ ਸੱਭ ਤੋਂ ਉੱਚਾ ਬੁੱਤ ਹੈ। ਰੋਜ਼ਾਨਾ ਸੈਲਾਨੀਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੂੰ ਜਨਤਾ ਵੱਲੋਂ ਸਮਾਰਕ ਦੀ ਸਮਰੱਥਾ ਨੂੰ ਦੇਖਦੇ ਹੋਏ ਇਥੇ ਆਉਣ ਦੀ ਯੋਜਨਾ ਬਨਾਉਣ ਦੀ ਅਪੀਲ ਕਰਨੀ ਪੈਂਦੀ ਹੈ। ਇਸ ਵਿਸ਼ਾਲ ਬੁੱਤ ਦੇ ਅੰਦਰ ਬਣੀ ਵਿਊਰਸ਼ਿਪ ਵਿਚ ਜਾਣ ਲਈ ਤੇਜ਼ ਗਤੀ ਦੀਆਂ ਦੋ ਲਿਫਟਾਂ ਲਗਾਈਆਂ ਗਈਆਂ ਹਨ। ਇਹ ਵੱਧ ਤੋਂ ਵੱਧ 5 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਉਪਰ ਲਿਜਾ ਸਕਦੀ ਹੈ। ਇਸ ਵਿਊਰਸ਼ਿਪ ਵਿਚ ਇਕ ਸਮੇਂ ਵਿਚ ਵੱਧ ਤੋਂ ਵੱਧ ਲਗਭਗ 200 ਲੋਕ ਆ ਸਕਦੇ ਹਨ ਅਤੇ ਇਹ 135 ਮੀਟਰ ਉੱਚਾ ਹੈ।

ਇਸ ਬੁੱਤ ਨੂੰ ਦੇਖਣ ਤੋਂ ਇਲਾਵਾ ਲੋਕ ਵਿਜ਼ਿਟਰ ਸੈਂਟਰ, ਸੋਵਨਿਅਰ ਸ਼ਾਪ, ਪ੍ਰਦਰਸ਼ਨੀ ਹਾਲ ਅਤੇ ਵਿਊਰਸ਼ਿਪ ਵਿਖੇ ਵੀ ਜਾ ਸਕਦੇ ਹਨ। ਸਟੈਚੂ ਆਫ ਯੂਨਿਟੀ ਵਿਚ ਦਾਖਲੇ ਅਤੇ ਵਿਊਰਸ਼ਿਪ ਲਈ ਬਾਲਗਾਂ ਦੇ ਟਿਕਟ ਦੀ ਕੀਮਤ 350 ਰੁਪਏ ਹੈ ਜਦਕਿ 3 ਤੋਂ 15 ਸਾਲ ਤੱਕ ਦੇ ਬੱਚਿਆਂ ਲਈ 200 ਰੁਪਏ ਦਾ ਟਿਕਟ ਰੱਖਿਆ ਗਿਆ ਹੈ। ਨਰਮਦਾ ਦੇ ਜ਼ਿਲ੍ਹਾ ਕਲੈਕਟਰ ਆਰਐਸ ਨਿਨਾਮਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਨੀਵਾਰ ਨੂੰ 27 ਹਜ਼ਾਰ ਲੋਕ ਸਟੈਚੂ ਆਫ ਯੂਨਿਟੀ ਨੂੰ ਵੇਖਣ ਆਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲਗਦਾ ਹੈ ਕਿ ਇਹ ਗਿਣਤੀ ਐਤਵਾਰ ਨੂੰ ਹੋਰ ਵੀ ਵੱਧ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਸੈਲਾਨੀ ਦੀਵਾਲੀ ਦੀਆਂ ਛੁੱਟੀਆਂ ਅਤੇ ਗੁਜਰਾਤੀ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਇਥੇ ਪਹੁੰਚ ਰਹੇ ਹਨ। ਐਤਵਾਰ ਨੂੰ ਸੈਲਾਨੀਆਂ ਨੂੰ ਪਾਰਕਿੰਦ ਲਾਟ ਤੋਂ ਸਟੈਚੂ ਤੱਕ ਲਿਜਾਣ ਲਈ ਬੱਸਾਂ ਦੀ ਗਿਣਤੀ 15 ਤੋਂ ਵਧਾ ਕੇ 40 ਕਰ ਦਿਤੀ ਗਈ ਹੈ। ਰਾਜ ਸਰਕਾਰ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਸਟੈਚੂ ਆਫ ਯੂਨਿਟੀ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਦੇਖਦੇ ਹੋਏ ਹੀ ਇਥੇ ਆਉਣ ਦੀ ਯੋਜਨਾ ਬਣਾਉਣ।

ਗੁਜਰਾਤ ਸਰਕਾਰ ਨੇ ਬੁੱਤ ਨੂੰ ਦੇਖਣ ਆਉਣ ਵਾਲਿਆਂ ਨੂੰ ਸੂਚਨਾ ਦੇਣ ਲਈ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਸਮਾਰਕ ਦੇਖਭਾਲ ਦੇ ਕੰਮ ਲਈ ਸਮੋਵਾਰ ਨੂੰ ਬੰਦ ਰਹੇਗਾ।