ਪ੍ਰਦੂਸ਼ਣ ਕਾਰਨ ਦਿੱਲੀ 'ਚ 12 ਨਵੰਬਰ ਤੱਕ ਹਾਈ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਨੂੰ ਮਜ਼ਬੂਰ ਦਿੱਲੀ ਨਿਵਾਸੀਆਂ ਨੂੰ ਅਜੇ ਇਸ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ।

Polluted Air

ਨਵੀਂ ਦਿੱਲੀ, ( ਭਾਸ਼ਾ ) : ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਨੂੰ ਮਜ਼ਬੂਰ ਦਿੱਲੀ ਨਿਵਾਸੀਆਂ ਨੂੰ ਅਜੇ ਇਸ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ। ਦੀਵਾਲੀ ਦੇ ਪਟਾਕਿਆਂ ਦਾ ਧੂੰਆਂ ਸ਼ਨੀਵਾਰ ਸਵੇਰੇ ਕੁਝ ਘੱਟਿਆ ਵੀ ਤਾਂ ਸ਼ਾਮ ਤੱਕ ਪੰਜਾਬ ਵਿਚ ਜਲਾਈ ਜਾ ਰਹੀ ਪਰਾਲੀ ਦਾ ਧੂੰਆਂ ਆਉਣ ਲੱਗਾ। ਨਤੀਜਾ ਸ਼ਨੀਵਾਰ ਰਾਤ ਤੋਂ ਹੀ ਏਅਰ ਕਵਾਲਿਟੀ ਇੰਡੈਕਸ ਫਿਰ ਤੋਂ ਵਧਣ ਲੱਗਾ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ ਸਿਫਾਰਸ਼ ਤੇ ਈਪੀਸੀਏ ਨੇ ਐਨਸੀਆਰ ਵਿਚ ਲਾਗੂ ਸਾਰੀਆਂ ਪਾਂਬਦੀਆਂ 12 ਨਵੰਬਰ ਤਕ ਵਧਾ ਦਿਤੀਆਂ ਹਨ।

ਈਪੀਸੀਏ ਦੇ ਮੁਖੀ ਭੂਰੇਲਾਲ ਨੇ ਦੱਸਿਆ ਕਿ ਦਿਲੀ ਤਦ ਤੱਕ ਹਾਈਅਲਰਟ ਤੇ ਰਹੇਗੀ। ਉਸਾਰੀ ਦੇ ਕੰਮਾਂ ਤੇ ਵੀ ਰੋਕ ਜਾਰੀ ਰਹੇਗੀ। ਹਾਲਾਂਕਿ ਮੁਰੰਮਤ ਅਤੇ ਉਸਾਰੀ ਸਮੱਗਰੀ ਤੋਂ ਬਗੈਰ ਹੋਣ ਵਾਲੇ ਕੰਮ ਕੀਤੇ ਜਾ ਸਕਣਗੇ। ਕੋਇਲੇ ਅਤੇ ਬਾਇਓਮਾਸ ਤੋਂ ਚਲਣ ਵਾਲੇ ਉਦਯੋਗਿਕ ਕੇਂਦਰ ਅਤੇ ਇੱਟਾਂ ਦੇ ਭੱਠੇ ਵੀ ਬੰਦ ਰਹਿਣਗੇ। ਐਤਵਾਰ ਨੂੰ ਫਿਰ ਤੋਂ ਦਿਲੀ ਦਾ ਏਕਊਆਈ ਖਤਰਨਾਕ ਸਥਿਤੀ ਤੱਕ ਪਹੁੰਚ ਸਕਦਾ ਹੈ। ਅਜਿਹੇ ਵਿਚ ਵਾਤਾਵਰਣ ਪ੍ਰਦੂਸ਼ਣ ਨਿਯੰਤਰਣ ਅਤੇ ਸੁਰੱਖਿਆ ਅਥਾਰਿਟੀ ਹੁਣ ਡੀਜ਼ਲ ਦੇ ਨਾਲ ਨਿਜੀ ਪੈਟਰੋਲ ਵਾਹਨਾਂ ਤੇ ਰੋਕ ਲਗਾਉਣ ਤੇ ਵਿਚਾਰ ਕਰ ਰਹੀ ਹੈ।

ਦਿੱਲੀ ਵਿਚ ਨਿਜੀ ਵਾਹਨਾਂ ਤੇ ਪਾਬੰਦੀ ਅਧੀਨ ਸੀਐਨਜੀ ਵਾਹਨ ਚਲਣਗੇ ਅਤੇ ਡੀਜ਼ਲ ਅਤੇ ਪੈਟਰੋਲ ਤੋਂ ਚਲਣ ਵਾਲੇ ਵਾਹਨ ਬੰਦ ਰਹਿਣਗੇ। ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਗੱਡੀਆਂ ਵਿਚ ਫਰਕ ਕਰਨ ਵਾਲੇ ਹਰੇ ਅਤੇ ਨੀਲੇ ਸਟੀਕਰ ਜਾਰੀ ਨਹੀਂ ਕਰ ਸਕਿਆ ਹੈ। ਇਸ ਲਈ ਇਨ੍ਹਾਂ  ਗੱਡੀਆਂ ਵਿਚ ਅੰਤਰ ਕਰਨਾ ਆਸਾਨ ਨਹੀਂ ਹੋਵੇਗਾ।

ਦੂਜੇ ਪਾਸੇ ਸ਼ੁਕਰਵਾਰ ਰਾਤ ਪੰਜਾਬ ਵਿਚ ਪਰਾਲੀ ਜਲਾਉਣ ਦੀਆਂ 2100 ਤੋਂ ਵੀ ਵੱਧ ਘਟਨਾਵਾਂ ਦਰਜ਼ ਹੋਈਆਂ ਹਨ। ਇਨ੍ਹਾਂ ਵਿਚ ਕਈ ਘਟਨਾਵਾਂ ਪਾਕਿਸਤਾਨ ਦੇ ਪੰਜਾਬ ਵਿਚ ਹੋਈਆਂ ਹਨ। ਇਹ ਦੀਵਾਲੀ ਦੇ ਤਿਨ ਸੱਤ ਨਵੰਬਰ ਨੂੰ ਪਰਾਲੀ ਜਲਾਉਣ ਦੀਆਂ ਘਟਨਾਵਾਂ ਦੇ ਮੁਕਾਬਲੇ ਚਾਰ ਗੁਣਾ ਵੱਧ ਹਨ। ਹਵਾ ਦਾ ਵਹਾਅ ਉਤਰ ਅਤੇ ਉਤਰ-ਪੱਛਮੀ ਦਿਸ਼ਾ ਵੱਲ ਹੋਣ ਕਾਰਨ ਵੀ ਐਨਸੀਆਰ ਤੇ ਪ੍ਰਦੂਸ਼ਣ ਦਾ ਅਸਰ ਰਹੇਗਾ।