ਦੇਵਬੰਦ ਦਾ ਫਤਵਾ, ਦੁਲਹਨ ਨੂੰ ਡੋਲੀ ਤੱਕ ਗੋਦ 'ਚ ਨਾ ਲੈ ਕੇ ਜਾਵੇ ਮਾਮਾ
ਦਾਰੂਲ ਉਲੂਮ ਦੇਵਬੰਦ ਨੇ ਮੁਸਲਿਮ ਵਿਆਹਾਂ ਮੌਕੇ ਹੋਣ ਵਾਲੀਆਂ ਗ਼ੈਰ ਇਸਲਾਮੀ ਰੀਤਾਂ ਵਿਰੁਧ ਫਤਵਾ ਜਾਰੀ ਕੀਤਾ ਹੈ।
ਦੇਵਬੰਦ , ( ਪੀਟੀਆਈ ) : ਦਾਰੂਲ ਉਲੂਮ ਦੇਵਬੰਦ ਨੇ ਮੁਸਲਿਮ ਵਿਆਹਾਂ ਮੌਕੇ ਹੋਣ ਵਾਲੀਆਂ ਗ਼ੈਰ ਇਸਲਾਮੀ ਰੀਤਾਂ ਵਿਰੁਧ ਫਤਵਾ ਜਾਰੀ ਕੀਤਾ ਹੈ। ਇਸ ਵਿਚ ਕੁੜੀ ਦੇ ਪਰਵਾਰ ਵਾਲਿਆਂ ਵੱਲੋਂ ਮੁਡੇ ਦੇ ਪਰਵਾਰ ਨੂੰ ਭੇਜੇ ਜਾਣ ਵਾਲੀ ਚਿੱਠੀ ( ਸੱਦਾ ਪਤੱਰ) ਵੀ ਸ਼ਾਮਲ ਹੈ। ਫਤਵੇ ਵਿਚ ਕਿਹਾ ਗਿਆ ਹੈ ਕਿ ਦੁਲਹਨ ਨੂੰ ਉਸ ਦੇ ਮਾਮੇ ਵੱਲੋਂ ਡੋਲੀ ਤੱਕ ਲਿਜਾਣ ਦੀ ਰੀਤ ਵੀ ਗ਼ੈਰ ਇਸਲਾਮੀ ਹੈ। ਇਸ ਦਾ ਪਾਲਨ ਇਸ ਲਈ ਵੀ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿਉਂਕ ਇਸ ਦੌਰਾਨ ਦੋਹਾਂ ਵਿਚੋਂ ਕਿਸੇ ਇਕ ਵਿਚ ਕਾਮ ਵਾਸਨਾ ਪੈਦਾ ਹੋ ਸਕਦੀ ਹੈ।
ਮੁਜ਼ਫੱਰਨਗਰ ਦੇ ਇਕ ਸ਼ਖਸ ਨੂੰ ਜਵਾਬ ਦਿੰਦੇ ਹੋਏ ਦੇਵਬੰਦ ਦੀ ਵੱਡੇ ਅਹੁਦੇ ਦੀ ਬੈਂਚ ਨੇ ਕਿਹਾ ਕਿ ਲਾਲ ਖਤ ਵਿਦੇਸ਼ੀ ਪਰਪੰਰਾ ਹੈ ਜੋ ਕਿ ਗ਼ੈਰ ਇਸਲਾਮੀ ਪੰਥ ਤੋਂ ਆਉਂਦੀ ਹੈ। ਲਾਲ ਖਤ ਦੀ ਥਾਂ ਇਕ ਸਾਧਾਰਨ ਕਾਰਡ, ਪੋਸਟ ਕਾਰਡ ਜਾਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਦੁਲਹਨ ਨੂੰ ਮਾਮੇ ਵੱਲੋਂ ਗੋਦੀ ਚੁੱਕ ਕੇ ਡੋਲੀ ਤੱਕ ਲਿਜਾਣ ਦੀ ਰੀਤ ਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਮਾਮਲੇ ਵਿਚ ਬੈਂਚ ਨੇ ਕਿਹਾ ਕਿ ਇਕ ਔਰਤ ਅਤੇ ਉਸ ਦੇ ਮਾਮਾ ਵਿਚਕਾਰ ਰਿਸ਼ਤੇ ਬਹੁਤ ਧਾਰਮਿਕ ਹੁੰਦੇ ਹਨ। ਇਕ ਆਦਮੀ ਪੂਰੀ ਜਵਾਨ ਹੋ ਚੁੱਕੀ ਭਾਣਜੀ ਨੂੰ ਗੋਦੀ ਨਹੀਂ ਚੁੱਕ ਸਕਦਾ।
ਇਸਲਾਮੀ ਕਾਨੂੰਨ ਵਿਚ ਇਹ ਨਿਸ਼ਚਤ ਤੌਰ ਤੇ ਕਬੂਲ ਕਰਨ ਯੋਗ ਨਹੀਂ ਹੈ। ਬੈਂਚ ਨੇ ਕਿਹਾ ਕਿ ਇਸ ਤੋਂ ਵਧੀਆ ਹੈ ਕਿ ਦੁਲਹਨ ਆਪ ਤੁਰ ਕੇ ਡੋਲੀ ਤੱਕ ਜਾਵੇ ਜਾਂ ਅਪਣੀ ਮਾਂ ਦੀ ਸੰਭਾਲ ਵਿਚ ਡੋਲੀ ਤੱਕ ਜਾਵੇ। ਇਸ ਤੋਂ ਇਲਾਵਾ ਫਤਵਾ ਵਿਭਾਗ ਨੇ ਉਸ ਜਵੈਲਰੀ ਨੂੰ ਵੀ ਗ਼ੈਰ ਇਸਲਾਮੀ ਦੱਸਿਆ ਹੈ ਜਿਸ ਵਿਚ ਕੋਈ ਤਸਵੀਰ ਹੋਵੇ। ਦੁਲਹਨ ਜਿਹੜੇ ਗਹਿਣੇ ਪਾਉਂਦੀ ਹੈ ਉਸ ਵਿਚ ਕੋਈ ਤਸਵੀਰ ਨਾ ਹੋਵੇ ਤਾਂ ਉਸ ਨੂੰ ਪਾਇਆ ਜਾ ਸਕਦਾ ਹੈ।
ਦੱਸ ਦਈਏ ਕਿ ਮੌਲਵੀਆਂ ਨੇ ਦੇਵਬੰਦ ਦੇ ਇਸ ਫਤਵੇ ਦਾ ਸਵਾਗਤ ਕੀਤਾ ਹੈ ਅਤੇ ਸਾਰੇ ਮੁਸਲਮਾਨਾਂ ਨੂੰ ਇਸ ਨੂੰ ਮੰਨਣ ਦੀ ਅਪੀਲ ਕੀਤੀ ਹੈ। ਦੇਵਬੰਦ ਦੇ ਮੌਲਾਨਾ ਮਹਿੰਦੀ ਹਸਨ ਕਾਦਰੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਫਤਵਾ ਜਾਰੀ ਕੀਤਾ ਗਿਆ ਹੈ ਉਹ ਵਿਵਾਦਤ ਹੈ। ਅਸੀਂ ਬੈਂਚ ਵੱਲੋਂ ਦੱਸੇ ਗਏ ਉਨ੍ਹਾਂ ਪੱਖਾਂ ਨੂੰ ਪੂਰੀ ਤਰਾਂ ਮੰਨਦੇ ਹਾਂ ਜਿਸ ਵਿਚ ਮੁਸਲਮਾਨਾਂ ਨੂੰ ਵਿਆਹ ਵਿਚ ਪੈਸੇ ਦੀ ਬਰਬਾਦੀ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।