ਸ਼ਿਵਸੈਨਾ ਆਗੂ ਅਰਵਿੰਦ ਸਾਵੰਤ ਨੇ ਮੋਦੀ ਕੈਬਨਿਟ ਤੋਂ ਅਤਸੀਫ਼ਾ ਦਿੱਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

30 ਸਾਲ 'ਚ ਦੂਜੀ ਵਾਰ ਵੱਖ ਹੋਏ ਭਾਜਪਾ-ਸ਼ਿਵਸੈਨਾ

Shiv Sena MP Arvind Sawant to resign from Modi cabinet

ਮੁੰਬਈ : ਕੇਂਦਰ 'ਚ ਨਰਿੰਦਰ ਮੋਦੀ ਸਰਕਾਰ 'ਚ ਸ਼ਿਵਸੈਨਾ ਦੇ ਇਕਲੌਤੇ ਮੰਤਰੀ ਅਰਵਿੰਦ ਸਾਵੰਤ ਨੇ ਸੋਮਵਾਰ ਨੂੰ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਸਹਿਯੋਗੀ ਭਾਜਪਾ ਨਾਲ ਚੱਲ ਰਹੇ ਵਿਵਾਦ ਕਾਰਨ ਕੇਂਦਰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਾਵੰਤ ਦਾ ਅਸਤੀਫ਼ਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਸੂਬੇ 'ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਛੱਡਣ ਤੋਂ ਇਕ ਦਿਨ ਬਾਅਦ ਆਇਆ ਹੈ।

ਸਾਵੰਤ ਨੇ ਟਵੀਟ 'ਚ ਕਿਹਾ, "ਸ਼ਿਵਸੈਨਾ ਦਾ ਪੱਖ ਸੱਚਾਈ ਹੈ। ਇੰਨੇ ਝੂਠੇ ਮਾਹੌਲ 'ਚ ਦਿੱਲੀ ਸਰਕਾਰ 'ਚ ਕਿਉਂ ਰਹਾਂ ਅਤੇ ਇਸ ਲਈ ਮੈਂ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਭਾਜਪਾ ਸ਼ਿਵਸੈਨਾ ਵਿਚਕਾਰ ਸੀਟਾਂ ਦੀ ਵੰਡ 50:50 ਫ਼ੀਸਦੀ ਤੈਅ ਸੀ। ਪਰ ਨਤੀਜੇ ਆਉਣ ਤੋਂ ਬਾਅਦ ਭਾਜਪਾ ਨੇ ਕਿਹਾ ਕਿ ਅਜਿਹੇ ਕਿਸੇ ਸਮਝੌਤੇ 'ਤੇ ਗੱਲ ਨਹੀਂ ਹੋਈ। ਹੁਣ ਮੈਂ ਕੇਂਦਰ 'ਚ ਕੰਮ ਨਹੀਂ ਕਰ ਸਕਦਾ।"

ਜ਼ਿਕਰਯੋਗ ਹੈ ਕਿ ਭਾਜਪਾ-ਸ਼ਿਵਸੈਨਾ 30 ਸਾਲ 'ਚ ਦੂਜੀ ਵਾਰ ਵੱਖ ਹੋ ਰਹੇ ਹਨ। ਦੋਵਾਂ ਪਾਰਟੀਆਂ ਵਿਚਕਾਰ ਸਾਲ 1989 'ਚ ਗਠਜੋੜ ਹੋਇਆ ਸੀ। 1990 ਦੀ ਮਹਾਰਾਸ਼ਟਰ ਵਿਧਾਨ ਸਭਾ ਚੋਣ ਦੋਹਾਂ ਪਾਰਟੀਆਂ ਨੇ ਇਕੱਠੀ ਲੜੀ ਸੀ। ਸਾਲ 2014 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਵੱਖ ਹੋ ਗਈਆਂ ਸਨ। ਦੋਵੇਂ ਪਾਰਟੀਆਂ ਨੇ ਚੋਣ ਵੀ ਵੱਖ ਲੜੀ। ਹਾਲਾਂਕਿ ਬਾਅਦ 'ਚ ਸਰਕਾਰ ਵਿਚ ਦੋਵੇਂ ਇਕੱਠੇ ਰਹੇ। 

ਭਾਜਪਾ ਹੰਕਾਰ 'ਚ : ਸੰਜੇ ਰਾਊਤ
ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ, "ਭਾਜਪਾ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਅਹੁਦਾ ਵੰਡਣ ਲਈ ਤਿਆਰ ਨਹੀਂ ਹੈ। ਉਹ ਕਿਸੇ ਵੀ ਹਾਲਤ 'ਚ ਸ਼ਿਵਸੈਨਾ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਦੇਣਗੇ। ਭਾਵੇਂ ਉਨ੍ਹਾਂ ਨੂੰ ਵਿਰੋਧੀ ਧਿਰ 'ਚ ਕਿਉਂ ਨਾ ਬੈਠਣਾ ਪਵੇ। ਇਹ ਉਨ੍ਹਾਂ ਦਾ ਹੰਕਾਰ ਹੈ। ਅਜਿਹੇ ਵਤੀਰੇ ਨੂੰ ਜਨਤਾ ਨਾਲ ਧੋਖਾ ਕਹਿਣਾ ਸਹੀ ਹੈ ਜਾਂ ਨਹੀਂ। ਭਾਜਪਾ ਸਾਡੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ।"