JNU 'ਚ ਫ਼ੀਸ ਵਾਧੇ ਵਿਰੁਧ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ

Students and police clash at JNU on convocation day over 300% fee hike

ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਫੀਸ ਵਾਧੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਫੀਸ ਵਾਧੇ ਸਮੇਤ ਕਈ ਅਹਿਮ ਘੋਸ਼ਣਾ ਵਾਪਸ ਲੈ ਲਵੇ। ਸੋਮਵਾਰ ਨੂੰ ਜੇ.ਐਨ.ਯੂ. 'ਚ ਸਾਲਾਨਾ ਸਮਾਗਮ ਵੀ ਕਰਵਾਇਆ ਗਿਆ। ਇਸ ਸਮਾਗਮ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਮਨੁੱਖੀ ਸੰਸਾਧਨ ਮੰਤਰੀ ਰਮੇਸ਼ ਪੋਖਰੀਆਲ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸੇ ਦੌਰਾਨ ਵਿਦਿਆਰਥੀਆਂ ਨੇ ਹੋਸਟਲ ਫੀਸ ਵਾਧਾ ਅਤੇ ਡਰੈਸ ਕੋਡ ਦੇ ਮੁੱਦੇ 'ਤੇ ਕੈਂਪਸ 'ਚ ਵਿਰੋਧ ਪ੍ਰਦਰਸ਼ਨ ਕੀਤਾ। 

ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਸਵੇਰ ਤੋਂ ਹੀ ਯੂਨੀਵਰਸਿਟੀ 'ਚ ਭਾਰੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਸੀ। ਜੇ.ਐਨ.ਯੂ. ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਏ.ਆਈ.ਸੀ.ਟੀ.ਈ. ਦਾ ਗੇਟ ਬੰਦ ਕਰ ਦਿੱਤਾ ਗਿਆ ਸੀ। ਇਥੇ ਸਾਲਾਨਾ ਸਮਾਗਮ ਹੋ ਰਿਹਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ। 

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਜ਼ਬਰੀ ਚੁੱਕ ਕੇ ਬੱਸ 'ਚ ਬਿਠਾਇਆ ਗਿਆ। ਪ੍ਰਦਰਸ਼ਨਕਾਰੀਆਂ 'ਚੋਂ ਕੁਝ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।  ਬਾਅਦ 'ਚ ਵਿਦਿਆਰਥੀਆਂ ਨੂੰ ਭਜਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਵੀ ਕੀਤੀਆਂ। ਵਿਦਿਆਰਥੀਆਂ ਨੇ ਹੱਥਾਂ 'ਚ 'ਦਿੱਲੀ ਪੁਲਿਸ ਗੋ ਬੈਕ' ਜਿਹੇ ਬੈਨਰ ਚੁੱਕੇ ਹੋਏ ਸਨ। 

ਹੋਸਟਲ ਫੀਸ 'ਚ 300% ਤਕ ਵਾਧਾ :
ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਜੇ.ਐਨ.ਯੂ. ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰਨ ਦੇ ਉਦੇਸ਼ ਨਾਲ ਹੋਸਟਲ ਦੀ ਫੀਸ 300% ਤਕ ਵਧਾ ਦਿੱਤੀ ਗਈ ਹੈ। ਜੇ.ਐਨ.ਯੂ. ਪ੍ਰਸ਼ਾਸਨ ਨੇ ਹੋਸਟਲ 'ਚ ਇਸਟੈਬਲਿਸ਼ਮੈਂਟ ਚਾਰਜਿਸ, ਕ੍ਰੋਕਰੀ ਅਤੇ ਨਿਊਜ਼ਪੇਪਰ ਆਦਿ ਦੀ ਕੋਈ ਫੀਸ ਨਹੀਂ ਵਧਾਈ ਹੈ, ਪਰ ਕਮਰੇ ਦਾ ਕਿਰਾਇਆ 300% ਤਕ ਵਧਾ ਦਿੱਤਾ ਹੈ। ਪਹਿਲਾਂ ਜਿੱਥੇ ਸਿੰਗਲ ਸੀਟਰ ਹੋਸਟਲ ਦਾ ਰੂਮ ਰੈਂਟ 20 ਰੁਪਏ ਸੀ, ਉਹ ਹੁਣ ਵਧਾ ਕੇ 600 ਰੁਪਏ ਕਰ ਦਿੱਤਾ ਗਿਆ ਹੈ। ਉਥੇ ਹੀ ਡਬਲ ਸੀਟਰ ਦਾ ਰੈਂਟ 10 ਰੁਪਏ ਤੋਂ ਵਧਾ ਕੇ 300 ਰੁਪਏ ਕਰ ਦਿੱਤਾ ਗਿਆ ਹੈ। ਇਹ ਪਹਿਲਾਂ ਦੇ ਮੁਕਾਬਲੇ 300 ਫ਼ੀਸਦੀ ਵੱਧ ਹੈ।

ਪਹਿਲਾਂ ਹੋਸਟਲ 'ਚ ਵਿਦਿਆਰਥੀਆਂ ਨੂੰ ਕਦੇ ਸਰਵਿਸ ਚਾਰਜ ਜਾਂ ਯੂਟਿਲਿਟੀ ਚਾਰਜ ਜਿਵੇਂ ਪਾਣੀ ਅਤੇ ਬਿਜਲੀ ਦੇ ਪੈਸੇ ਨਹੀਂ ਦੇਣੇ ਪੈਂਦੇ ਸਨ। ਜੇ.ਐਨ.ਯੂ. ਪ੍ਰਸ਼ਾਸਨ ਵਲੋਂ ਇਸ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਨ ਟਾਈਮ ਮੈਸ ਸਿਕਿਊਰਿਟੀ, ਜੋ ਪਹਿਲਾਂ 5500 ਰੁਪਏ ਸੀ, ਇਸ 'ਚ ਵੀ ਦੁਗਣਾ ਵਾਧਾ ਕਰ ਕੇ ਹੁਣ ਇਹ ਰਕਮ 12000 ਰੁਪਏ ਕਰ ਦਿੱਤੀ ਗਈ ਹੈ। ਹੋਸਟਲ 'ਚ ਲਾਗੂ ਡਰੈਸ ਕੋਡ ਦਾ ਵੀ ਵਿਦਿਆਰਥੀ ਵਿਰੋਧ ਕਰ ਰਹੇ ਹਨ। ਨਾਲ ਹੀ ਮੰਗ ਕੀਤੀ ਕਿ ਹੋਸਟਲ 'ਚ ਆਉਣ-ਜਾਣ ਲਈ ਕੋਈ ਸਮਾਂ ਸੀਮਾ ਨਹੀਂ ਹੋਣੀ ਚਾਹੀਦੀ।