ਜੇ ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਫ਼ਾਇਦੇਮੰਦ ਲਗਦੇ ਨੇ ਤਾਂ ਮੰਤਰੀ ਅਹੁਦਾ ਛੱਡ ਕੇ ਖੇਤੀ ਕਰ ਲੈਣ:ਕਿਸਾਨ
ਰੋਹਤਕ ਤੋਂ ਦਿੱਲੀ ਪਹੁੰਚੇ ਕਿਸਾਨਾਂ ਨੇ ਸਰਕਾਰ ਨੂੰ ਮਾਰੀ ਲਲਕਾਰ
ਨਵੀਂ ਦਿੱਲੀ (ਨਿਮਰਤ ਕੌਰ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਦਿੱਲੀ ਵੱਲ ਕੂਚ ਕਰ ਰਹੇ ਹਨ। ਹਰਿਆਣਾ ਦੇ ਕਿਸਾਨ ਵੀ ਕਿਸਾਨੀ ਸੰਘਰਸ਼ ਦੀ ਤਾਕਤ ਵਧਾ ਰਹੇ ਹਨ। ਰੋਹਤਕ ਤੋਂ ਦਿੱਲੀ ਪਹੁੰਚੇ ਕਿਸਾਨ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਲੜਾਈ ਰਹੇਗੀ, ਉਹ ਇੱਥੋਂ ਨਹੀਂ ਹਿੱਲਣਗੇ।
ਹੱਕ ਲੈਣ ਦਿੱਲੀ ਪਹੁੰਚੇ ਇਹਨਾਂ ਕਿਸਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਪੰਜਾਬ ਹਰਿਆਣਾ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ। ਹਰਿਆਣਾ ਤੋਂ ਆਏ ਇਕ ਹੋਰ ਕਿਸਾਨ ਨੇ ਕਿਹਾ ਕਿ ਸਾਡੇ 50 ਫੀਸਦੀ ਕਿਸਾਨ ਖੇਤੀਬਾੜੀ ‘ਤੇ ਨਿਰਭਰ ਹਨ ਤੇ 50 ਫੀਸਦੀ ਕਿਸਾਨ ਪਸ਼ੂਪਾਲਣ ‘ਤੇ ਅਧਾਰਤ ਹਨ। ਸਾਰੇ ਪਸ਼ੂਆਂ ਦਾ ਢਿੱਡ ਖੇਤੀ ਦੇ ਚਾਰੇ ਨਾਲ ਹੀ ਭਰਿਆ ਜਾਂਦਾ ਹੈ। ਜੇਕਰ ਜ਼ਮੀਨ ਨੂੰ ਕੰਟਰੈਕਟ ਫਾਰਮਿੰਗ ‘ਤੇ ਦਿੱਤਾ ਜਾਵੇਗਾ ਤਾਂ ਪਸ਼ੂ ਕੀ ਖਾਣਗੇ?
ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਕਹਿੰਦੇ ਹਨ ਕਿ ਇਹ ਕਾਨੂੰਨ ਭਵਿੱਖ ਵਿਚ ਖੇਤੀਬਾੜੀ ਲਈ ਫਾਇਦੇਮੰਦ ਹੋਣਗੇ। ਜੇਕਰ ਇਹ ਕਾਨੂੰਨ ਇੰਨੇ ਹੀ ਫਾਇਦੇਮੰਦ ਹਨ ਤਾਂ ਉਹ ਮੰਤਰੀ ਅਹੁਦੇ ਛੱਡ ਕੇ ਖੇਤੀਬਾੜੀ ਕਰ ਲੈਣ। ਹਰਿਆਣਾ ਦੇ ਕਿਸਾਨਾਂ ਨੇ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਵਿਚ ਸ਼ਾਮਲ ਹੋ ਕੇ ਅੰਦੋਲਨ ਨੂੰ ਸਮਰਥਨ ਦੇਣ।